ਮੀਂਹ ਤੇ ਗੜੇਮਾਰੀ ਕਾਰਨ ਅਗੇਤੀਆਂ ਕਣਕਾਂ ਵਿਛੀਆਂ

ਮੀਂਹ ਤੇ ਗੜੇਮਾਰੀ ਕਾਰਨ ਅਗੇਤੀਆਂ ਕਣਕਾਂ ਵਿਛੀਆਂ

ਲਾਲੜੂ , 3 ਮਾਰਚ- ਲਾਲੜੂ ਖ਼ੇਤਰ ਵਿੱਚ ਮੀਂਹ , ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਇਲਾਕੇ ਵਿੱਚ ਖੜ੍ਹੀ ਕਣਕ ਦੀ ਫਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਸਰ੍ਹੋਂ ਅਤੇ ਸਬਜ਼ੀਆਂ ਦੀ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਤੇਜ਼ ਹਵਾਵਾਂ ਤੇ ਗੜੀਮਾਰੀ ਨੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਖੜੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਕਾਰਨ ਕਿਸਾਨਾਂ ਵਿੱਚ ਘਬਰਾਹਟ ਪੈਦਾ ਹੋ ਰਹੀ ਹੈ ਕਿ ਪੁੱਤਾਂ ਵਾਂਗ ਪਾਲੀ ਫਸਲ ਉਨ੍ਹਾਂ ਦੇ ਹੱਥੋਂ ਨਿਕਲ ਰਹੀ ਹੈ। ਇਲਾਕੇ ਦੇ ਪ੍ਰਮੁੱਖ ਕਿਸਾਨ ਚੌਧਰੀ ਸੁਰਿੰਦਰ ਪਾਲ ਸਿੰਘ ਜਿਉਲੀ, ਮਦਨਪਾਲ ਸਿੰਘ ਰਾਣਾ , ਜਸਬੀਰ ਸਿੰਘ ਨਗਲਾ , ਹਰਪਾਲ ਸਿੰਘ ਨੰਬਰਦਾਰ ਭੁੱਖੜੀ , ਲਖਵਿੰਦਰ ਸਿੰਘ ਹੈਪੀ ਮਲਕਪੁਰ , ਕਰਨੈਲ ਸਿੰਘ ਜੌਲਾ , ਗੁਰਚਰਨ ਸਿੰਘ ਜੌਲਾ ਨੇ ਦੱਸਿਆ ਕਿ ਮੁੱਢਲੇ ਤੌਰ ‘ਤੇ ਕਣਕ ਦੀ ਫਸਲ 15 ਤੋਂ 20 ਫੀਸਦੀ ਨੁਕਸਾਨ ਹੋਇਆ ਹੈ। ਜ਼ਿਆਦਾਤਰ ਪਾਣੀ ਲੱਗੇ ਖੇਤਾਂ ਵਿਚਲੀ ਕਣਕ ਅਤੇ ਅਗੇਤੀ ਕਣਕਾਂ ਵੀ ਗੜੇਮਾਰੀ ਕਾਰਨ ਵਿਛ ਗਈਆਂ ਹਨ। ਲਾਲੜੂ ਖੇਤਰ ਦੇ ਪਿੰਡ ਮਲਕਪੁਰ , ਜਿਉਲੀ , ਭੁੱਖੜੀ , ਨਗਲਾ , ਤਸਿੰਬਲੀ , ਹੰਡੇਸਰਾ , ਰਾਣੀ ਮਾਜਰਾ , ਜੜੌਤ , ਖੇਲਣ , ਧਰਮਗੜ੍ਹ , ਰਾਮਗੜ੍ਹ ਰੁੜਕੀ , ਘੋਲੂਮਾਜਰਾ, ਮਗਰਾ , ਬਸੀ, ਡਹਿਰ ਸਰਸੀਣੀ , ਡੰਗਡੈਰਾ ,ਆਲਮਗੀਰ , ਝਰਮੜੀ ਸਮੇਤ ਹੋਰ ਦਰਜਨਾਂ ਪਿੰਡਾਂ ਵਿੱਚ ਕਣਕ ਸਰੋਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਉਕਤ ਕਿਸਾਨਾਂ ਨੇ ਦੱਸਿਆ ਕਿ ਜੇ ਬਰਸਾਤ ,ਹਵਾਵਾਂ ਤੇ ਗੜੇਮਾਰੀ ਲੰਬੇ ਸਮੇਂ ਤੱਕ ਚਲਦੀ ਰਹੀ ਤਾਂ ਹੋਰ ਵੱਧ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਹੋਈ ਫਸਲਾਂ ਦੀ ਵਿਸ਼ੇਸ਼ ਗਿਰਦਾਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

You must be logged in to post a comment Login