ਚੰਡੀਗੜ੍ਹ, 25 ਮਾਰਚ- ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਬੇਮੌਸਮੇ ਮੀਂਹ ਤੋਂ ਬਾਅਦ ਸ਼ੁੱਕਰਵਾਰ ਪਏ ਤੇਜ਼ ਮੀਂਹ ਤੇ ਕਿਤੇ-ਕਿਤੇ ਪਏ ਗੜਿਆਂ ਨੇ ਕਣਕ ਸਣੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਵਿਛਾ ਦਿੱਤੀਆਂ ਹਨ। ਸ਼ੁੱਕਰਵਾਰ ਪਏ ਤੇਜ਼ ਮੀਂਹ, ਗੜੇਮਾਰੀ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਸੂਬੇ ਭਰ ਵਿੱਚ 14 ਲੱਖ ਹੈਕਟੇਅਰ ਦੇ ਕਰੀਬ ਫ਼ਸਲ ਪ੍ਰਭਾਵਿਤ ਹੋਈ ਹੈ। ਮੌਸਮ ਵਿਗਿਆਨੀਆਂ ਅਨੁਸਾਰ 29 ਮਾਰਚ ਨੂੰ ਮੁੜ ਪੱਛਮੀ ਵਿਗਾੜ ਦੇ ਮੱਦੇਨਜ਼ਰ ਉੱਤਰ-ਪੱਛਮੀ ਖੇਤਰ ਵਿੱਚ ਮੀਂਹ ਪੈ ਸਕਦਾ ਹੈ। ਇਸ ਵਿੱਚ ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ਵਿੱਚ ਹੋਇਆ ਹੈ, ਜਿੱਥੇ ਸ਼ੁੱਕਰਵਾਰ ਆਏ ਝੱਖੜ ਨੇ ਕਾਫ਼ੀ ਫ਼ਸਲ ਦਾ ਨੁਕਸਾਨ ਕੀਤਾ ਹੈ। ਨੁਕਸਾਨੀ ਗਈਆਂ ਫ਼ਸਲਾਂ ਦੀ ਗਿਰਦਾਵਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਸਲ ਰਿਪੋਰਟ ਸਾਹਮਣੇ ਆਵੇਗੀ। ਪੰਜਾਬ ਖੇਤੀਬਾੜੀ ਵਿਭਾਗ ਅਨੁਸਾਰ ਫਾਜ਼ਿਲਕਾ ਤੇ ਸਰਹੱਦੀ ਖੇਤਰ ’ਚ ਆਏ ਤੂਫ਼ਾਨ ਕਰ ਕੇ ਕਣਕ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਖੇਤਰ ਵਿੱਚ ਕਈ ਥਾਵਾਂ ’ਤੇ ਕਿਸਾਨਾਂ ਦੀ 100 ਫ਼ੀਸਦੀ ਫਸਲ ਖ਼ਰਾਬ ਹੋ ਗਈ ਹੈ, ਜਦੋਂ ਕਿ ਜ਼ਿਆਦਾਤਰ ਕਿਸਾਨਾਂ ਦੀ 40 ਤੋਂ 50 ਫ਼ੀਸਦ ਹਾੜ੍ਹੀ ਦੀ ਫਸਲ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਵੀ ਸੂਬੇ ’ਚ ਲਗਾਤਾਰ ਕਈ ਦਿਨ ਮੀਂਹ ਪੈਣ ਕਰਕੇ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਫਤਿਗੜ੍ਹ ਸਾਹਿਬ, ਤਰਨਤਾਰਨ, ਮੋਗਾ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ’ਚ 24 ਘੰਟਿਆਂ ਦੌਰਾਨ ਅੰਮ੍ਰਿਤਸਰ ’ਚ 23.4 ਐੱਮਐੱਮ, ਲੁਧਿਆਣਾ ’ਚ 28.8, ਪਠਾਨਕੋਟ ’ਚ 41.9, ਫਰੀਦਕੋਟ ’ਚ 46.2, ਗੁਰਦਾਸਪੁਰ ’ਚ 30.6, ਫਿਰੋਜ਼ਪੁਰ ’ਚ 49, ਜਲੰਧਰ ’ਚ 53.5, ਮੋਗਾ ’ਚ 44.5, ਰੋਪੜ ’ਚ 32.5 ਤੇ ਗੁਰਦਾਸਪੁਰ ’ਚ 40 ਐੱਮਐੱਮ ਮੀਂਹ ਪਿਆ ਹੈ।

You must be logged in to post a comment Login