ਮੀਂਹ ਦੀ ਮੁੜ ਭਵਿੱਖਬਾਣੀ ਨੇ ਕਿਸਾਨਾਂ ਦੇ ਸਾਹ ਸੂਤੇ

ਮੀਂਹ ਦੀ ਮੁੜ ਭਵਿੱਖਬਾਣੀ ਨੇ ਕਿਸਾਨਾਂ ਦੇ ਸਾਹ ਸੂਤੇ

ਪਟਿਆਲਾ, 4 ਅਕਤੂਬਰ : ਮੌਸਮ ਵਿਭਾਗ ਵੱਲੋਂ ਕੀਤੀ ਗਈ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਨੇ ਪੰਜਾਬ ਦੇ ਕਿਸਾਨਾਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ। ਇਸ ਦੌਰਾਨ ਜਿੱਥੇ ਕੁਝ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਆਪਣੀ ਝੋਨੇ ਦੀ ਫ਼ਸਲ ਦੀ ਕਟਾਈ ਲਈ ਕਾਹਲੀ ਕੀਤੀ, ਉੱਥੇ ਹੀ ਕਈਆਂ ਨੇ ਮੌਸਮ ਦੇ ਸਥਿਰ ਹੋਣ ਦੀ ਉਮੀਦ ਵਿੱਚ 15 ਅਕਤੂਬਰ ਤੋਂ ਬਾਅਦ ਤੱਕ ਉਡੀਕ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬੇ ਵਿੱਚ ਪਿਛਲੇ ਚਾਰ ਦਿਨਾਂ ਤੋਂ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਹਵਾ ਗੁਣਵੱਤਾ ਸੂਚਕਾਂਕ (AQI) ਤਸੱਲੀਬਖ਼ਸ਼ ਬਣਿਆ ਹੋਇਆ ਹੈ।ਅਧਿਕਾਰੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਦਾ ਕਾਰਨ ਝੋਨੇ ਦੀ ਰਹਿੰਦ-ਖੂੰਹਦ ਦੇ ‘ਇਨ-ਸਿਟੂ’ (ਖੇਤ ਵਿੱਚ ਹੀ) ਅਤੇ ‘ਐਕਸ-ਸਿਟੂ’ (ਖੇਤ ਤੋਂ ਬਾਹਰ) ਪ੍ਰਬੰਧਨ ਵਿੱਚ ਹੋਏ ਵਾਧੇ ਨੂੰ ਮੰਨਦੇ ਹਨ।ਦੂਜੇ ਪਾਸੇ ਮੀਂਹ ਦੀ ਭਵਿੱਖਬਾਣੀ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਇੱਕ ਖੇਤੀਬਾੜੀ ਮਾਹਿਰ ਨੇ ਕਿਹਾ ਕਿ ਇਸ ਸਮੇਂ ਮੀਂਹ ਝੋਨੇ ਦੀ ਫ਼ਸਲ ਲਈ ਢੁਕਵਾਂ ਨਹੀਂ ਹੈ ਅਤੇ ਇਹ ਵਾਢੀ ਦੇ ਕੰਮ ਵਿੱਚ ਦੇਰੀ ਕਰ ਸਕਦਾ ਹੈ। ਮਾਹਿਰ ਨੇ ਕਿਹਾ, ‘‘ਕਿਉਂਕਿ ਨਵੰਬਰ ਦਾ ਪਹਿਲਾ ਪੰਦਰਵਾੜਾ ਕਣਕ ਦੀ ਫ਼ਸਲ ਬੀਜਣ ਲਈ ਉੱਤਮ ਮੰਨਿਆ ਜਾਂਦਾ ਹੈ, ਇਸ ਲਈ ਝੋਨੇ ਦੀ ਵਾਢੀ ਵਿੱਚ ਦੇਰੀ ਹੋਣ ਨਾਲ ਕਿਸਾਨਾਂ ਨੂੰ ਫ਼ਸਲ ਕੱਟਣ, ਵੇਚਣ ਅਤੇ ਫਿਰ ਖੇਤ ਤਿਆਰ ਕਰਨ ਲਈ ਘੱਟ ਸਮਾਂ ਮਿਲੇਗਾ, ਜਿਸ ਨਾਲ ਅਖੀਰ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ।’’

You must be logged in to post a comment Login