ਮੁਕੇਰੀਆਂ: ਟਰੈਕਟਰ ਹੇਠਾਂ ਆਉਣ ਕਾਰਨ ਭੈਣ-ਭਰਾ ਦੀ ਮੌਤ

ਮੁਕੇਰੀਆਂ: ਟਰੈਕਟਰ ਹੇਠਾਂ ਆਉਣ ਕਾਰਨ ਭੈਣ-ਭਰਾ ਦੀ ਮੌਤ

ਮੁਕੇਰੀਆਂ, 5 ਨਵੰਬਰ : ਨੇੜਲੇ ਪਿੰਡ ਬੱਡਲਾ ਵਿੱਚ ਦੀਵਾਲੀ ਵਾਲੇ ਦਿਨ ਬਾਅਦ ਦੁਪਹਿਰ ਢਾਈ ਵਜੇ ਟਰੈਕਟਰ ਦੇ ਕੰਢੀ ਨਹਿਰ ਵਿੱਚ ਡਿੱਗਣ ਕਾਰਨ ਉਸ ’ਤੇ ਸਵਾਰ ਭੈਣ-ਭਰਾ ਦੀ ਮੌਤ ਹੋ ਗਈ, ਜਦੋਂ ਕਿ ਕੁਝ ਦੂਰੀ ’ਤੇ ਜਾ ਡਿੱਗੇ ਟਰੈਕਟਰ ਚਾਲਕ ਨੂੰ ਜ਼ਖਮੀ ਹੋ ਜਾਣ ਕਾਰਨ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਬੱਚਿਆਂ ਦੇ ਪਿਤਾ ਦੀ ਕਰੀਬ 7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਬੱਚਿਆਂ ਦੀ ਮੌਤ ਉਪਰੰਤ ਕੇਵਲ ਪਰਿਵਾਰ ਵਿੱਚ ਮਾਂ ਹੀ ਬਚੀ ਹੈ, ਜਿਸ ਦਾ ਹੌਂਸਲਾ ਟੁੱਟ ਗਿਆ ਹੈ। ਕਾਰਤਿਕਾ (15) ਅਤੇ ਉਸ ਦਾ ਭਰਾ ਕਾਰਤਿਕ ਰਾਣਾ ਪੁੱਤਰ ਰਾਜੇਸ਼ ਕੁਮਾਰ (12) ਬੀਤੇ ਦਿਨ ਆਪਣੇ ਖੇਤਾਂ ਵਿੱਚੋਂ ਕੰਮ ਕਰਕੇ ਘਰ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਟਰੈਕਟਰ ਉੱਤੇ ਪਿੰਡ ਜਾ ਰਹੇ ਗੁਆਂਢੀ ਨਾਲ ਟਰੈਕਟਰ ਉੱਤੇ ਬੈਠ ਗਏ। ਜਦੋਂ ਇਹ ਟਰੈਕਟਰ ਹਿਰ ਨੂੰ ਪਾਰ ਕਰਨ ਲੱਗਿਆ ਤਾਂ ਟਰੈਕਟਰ ਪਿੱਛੇ ਪਏ ਟ੍ਰਿਲਰ ਤੇ ਸੁਹਾਗਾ ਨਹਿਰ ਕਿਨਾਰੇ ਬਣੀ ਗ੍ਰਿਲ ਵਿੱਚ ਫਸਣ ਕਰਕੇ ਨਹਿਰ ਵਿੱਚ ਪਲਟ ਗਿਆ। ਟਰੈਕਟਰ ਦੇ ਨਹਿਰ ਵਿੱਚ ਡਿੱਗਣ ਕਰਕੇ ਬੱਚਿਆਂ ਦੇ ਟਰੈਕਟਰ ਹੇਠਾਂ ਆਉਣ ਕਾਰਨ ਦੋਵਾਂ ਦੀ ਮੌਤ ਹੋ ਗਈ। ਜਦੋਂ ਕਿ ਟਰੈਕਟਰ ਚਾਲਕ ਕੁਝ ਦੂਰੀ ’ਤੇ ਡਿੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਦਸੂਹਾ ਪੁਲੀਸ ਨੇ ਇਸ ਮਾਮਲੇ ਵਿੱਚ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

You must be logged in to post a comment Login