ਮੁਫ਼ਤ ਬੱਸ ਸਫ਼ਰ ਨੇ ਲੀਹੋਂ ਲਾਹਿਆ ਟਰਾਂਸਪੋਰਟ ਬਜਟ, ਖ਼ਰਚ ਹੋਏ 800 ਕਰੋੜ

ਮੁਫ਼ਤ ਬੱਸ ਸਫ਼ਰ ਨੇ ਲੀਹੋਂ ਲਾਹਿਆ ਟਰਾਂਸਪੋਰਟ ਬਜਟ, ਖ਼ਰਚ ਹੋਏ 800 ਕਰੋੜ

ਚੰਡੀਗੜ੍ਹ, 21 ਮਾਰਚ- ਸੂਬੇ ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਪੰਜਾਬ ਟਰਾਂਸਪੋਰਟ ਵਿਭਾਗ ਨੂੰ ਬਹੁਤ ਮਹਿੰਗੀ ਪੈ ਰਹੀ ਹੈ। 450 ਕਰੋੜ ਰੁਪਏ ਦੇ ਸਾਲਾਨਾ ਅਲਾਟਮੈਂਟ ਦੇ ਮੁਕਾਬਲੇ ਇਹ ਮੁਫ਼ਤ ਸਹੂਲਤ ਰਾਜ ਟਰਾਂਸਪੋਰਟ ਦੇ ਅਦਾਰਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ), ਪਨਬਸ ਅਤੇ ਪੰਜਾਬ ਰੋਡਵੇਜ਼ ਨੂੰ ਲਗਭਗ 800 ਕਰੋੜ ਰੁਪਏ ਵਿੱਚ ਪੈ ਰਹੀ ਹੈ। ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰਤ ਰਿਕਾਰਡ ਅਨੁਸਾਰ ਰੋਜ਼ਾਨਾ 3 ਲੱਖ ਤੋਂ ਵੱਧ ਔਰਤਾਂ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਾ ਲਾਭ ਉਠਾਉਂਦੀਆਂ ਹਨ। ਵਿੱਤੀ ਸਾਲ 2023-24 ਦੌਰਾਨ ਲਗਭਗ 11 ਕਰੋੜ ਔਰਤਾਂ ਨੇ ਇਸ ਸਹੂਲਤ ਦਾ ਲਾਭ ਲਿਆ। ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਰਾਹੀਂ ਬਜਟ ਪ੍ਰਬੰਧ ਦੀ ਵਾਧੂ ਵੰਡ ਕੀਤੀ ਜਾ ਰਹੀ ਹੈ। ਟਰਾਂਸਪੋਰਟ ਵਿਭਾਗ ਇਸ ਸਬੰਧੀ ਆਪਣੀ ਮੰਗ ਉਠਾਉਂਦਾ ਆ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਯੋਜਨਾ ਰਾਜ ਟਰਾਂਸਪੋਰਟ ਅਦਾਰੇ ਨੂੰ ਨੁਕਸਾਨ ਪਹੁੰਚਾ ਰਹੀ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਸਰਵਿਸ ਪਰੋਵਾਈਡਰਾਂ ਨੂੰ ਕਰੋੜਾਂ ਰੁਪਏ ਦੇ ਬਕਾਏ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ ਹੈ। ਪਿਛਲੇ ਮਹੀਨੇ ਤੱਕ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਪ੍ਰਦਾਨ ਕਰਨ ਲਈ ਸਰਕਾਰ ਦਾ 700 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਇਹ ਮਾਮਲਾ ਵਿੱਤ ਵਿਭਾਗ ਕੋਲ ਚੁੱਕਿਆ ਗਿਆ ਹੈ।’’

You must be logged in to post a comment Login