ਚੰਡੀਗੜ੍ਹ : ਭਾਰਤੀ ਮਹਿਲਾ 20-20 ਕ੍ਰਿਕਟ ਟੀਮ ਦੀ ਕਪਤਾਨ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਸ ਕਮਿਸ਼ਨਰ (ਡੀ. ਐੱਸ. ਪੀ.) ਦੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਪੁਲਸ ਜਾਂਚ ‘ਚ ਉਨ੍ਹਾਂ ਦੀ ਗ੍ਰੈਜੁਏਸ਼ਨ ਦੀਡਿਗਰੀ ਫਰਜ਼ੀ ਪਾਈ ਗਈ ਹੈ। ਪੰਜਾਬ ਦੇ ਮੋਗਾ ਜ਼ਿਲੇ ਦੀ ਰਹਿਣ ਵਾਲੀ ਹਰਮਨਪ੍ਰੀਤ ਨੇ ਪੰਜਾਬ ਪੁਲਸ ‘ਚ ਇਕ ਮਾਰਚ ਨੂੰ ਡੀ. ਐੱਸ. ਪੀ. ਦੇ ਤੌਰ ‘ਤੇ ਜੁਆਈਨਿੰਗ ਕੀਤੀ ਸੀ ਪਰ ਪੰਜਾਬ ਪੁਲਸ ਦੀ ਜਾਂਚ ‘ਚ ਉਸ ਦੇ ਸਰਟੀਫਿਕੇਟ ਸਹੀ ਨਹੀਂ ਪਾਏ ਗਏ। ਇਸ ਕਾਰਨ ਪੰਜਾਬ ਪੁਲਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਗ੍ਰੈਜੁਏਸ਼ਨ ਦੀ ਡਿਗਰੀ ਫਰਜ਼ੀ ਪਾਏ ਜਾਣ ਕਾਰਨ ਹਰਮਨਪ੍ਰੀਤ ਡੀ. ਐੱਸ. ਪੀ. ਦੇ ਅਹੁਦੇ ‘ਤੇ ਨੌਕਰੀ ਜਾਰੀ ਨਹੀਂ ਰੱਖ ਸਕਦੀ।
ਇਸ ਦੀ ਪੁਸ਼ਟੀ ਕਰਦੇ ਹੋਏ ਡੀ. ਜੀ. ਪੀ. (ਪ੍ਰਸ਼ਾਸਨ) ਐੱਮ. ਕੇ. ਤਿਵਾੜੀ ਨੇ ਦੱਸਿਆ ਕਿ ਹਰਮਨਪ੍ਰੀਤ ਨੇ ਡੀ. ਐੱਸ. ਪੀ. ਦੇ ਰੂਪ ‘ਚ ਨੌਕਰੀ ਲਈ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਦਿਖਾਈ ਸੀ ਪਰ ਜਦੋਂ ਡਿਗਰੀ ਜਾਂਚ ਲਈ ਭੇਜੀ ਗਈ ਤਾਂ ਉਸ ਦਾ ਰਜਿਸਟ੍ਰੇਸ਼ਨ ਨੰਬਰ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਸੂਬਾ ਸਰਕਾਰ ਦੇ ਧਿਆਨ ‘ਚ ਲਿਆਂਦਾ ਗਿਆ ਹੈ। ਹਰਮਨਪ੍ਰੀਤ ਦੀ ਨਿਯੁਕਤੀ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕ੍ਰਿਕਟ ਉਪਲੱਬਧੀਆਂ ਨੂੰ ਦੇਖਦੇ ਹੋਏ ਡੀ. ਐੱਸ. ਪੀ. ਦੇ ਅਹੁਦੇ ‘ਤੇ ਕੀਤੀ ਸੀ ਅਤੇ ਹੁਣ ਇਸ ‘ਤੇ ਕਾਰਵਾਈ ਵੀ ਸਰਕਾਰ ਕਰੇਗੀ। ਦੂਜੇ ਪਾਸੇ ਇਸ ਸਬੰਧੀ ਹਰਮਨਪ੍ਰੀਤ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਕੀ ਗੱਲ ਹੈ। ਉਸ ਨੇ ਕਿਹਾ ਕਿ ਉਹ ਵਿਭਾਗ ਨਾਲ ਗੱਲਬਾਤ ਕਰਕੇ ਹੀ ਕੁਝ ਕਰ ਸਕਦੀ ਹੈ।
You must be logged in to post a comment Login