ਮੂਸੇਵਾਲਾ ਕਤਲ ਕੇਸ ਦੇ ਗਵਾਹ ਨੇ ਛੇ ਮੁਲਜ਼ਮ ਪਛਾਣੇ

ਮੂਸੇਵਾਲਾ ਕਤਲ ਕੇਸ ਦੇ ਗਵਾਹ ਨੇ ਛੇ ਮੁਲਜ਼ਮ ਪਛਾਣੇ

ਮਾਨਸਾ, 30 ਅਗਸਤ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਦੋ ਪ੍ਰਮੁੱਖ ਗਵਾਹਾਂ ’ਚੋਂ ਇੱਕ ਗੁਰਪ੍ਰੀਤ ਸਿੰਘ ਨੇ ਅੱਜ ਮਾਨਸਾ ਦੀ ਹੇਠਲੀ ਅਦਾਲਤ ਵਿੱਚ ਚਾਰ ਸ਼ੂਟਰਾਂ ਸਣੇ ਛੇ ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਦੋਂ ਕਿ ਅਦਾਲਤ ਵਿੱਚ ਕੁੱਲ ਸੱਤ ਮੁਲਜ਼ਮ ਪੇਸ਼ ਕੀਤੇ ਗਏ। ਇਹ ਗਵਾਹ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਵੇਲੇ ਥਾਰ ਵਿੱਚ ਸਵਾਰ ਸੀ। ਜ਼ਿਕਰਯੋਗ ਹੈ 29 ਮਈ, 2022 ਨੂੰ ਛੇ ਸ਼ੂਟਰਾਂ ਨੇ ਮੂਸੇਵਾਲਾ ਦੀ ਉਦੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਆਪਣੇ ਦੋ ਦੋਸਤਾਂ ਨਾਲ ਪਿੰਡ ਮੂਸਾ ਤੋਂ ਜਵਾਹਰਕੇ ਜਾ ਰਿਹਾ ਸੀ। ਇਸ ਮੌਕੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ, ਮੂਸੇਵਾਲਾ ਨਾਲ ਜਾ ਰਹੇ ਸਨ ਅਤੇ ਇਸ ਘਟਨਾ ਵਿੱਚ ਉਨ੍ਹਾਂ ਨੂੰ ਵੀ ਗੋਲੀਆਂ ਲੱਗੀਆਂ ਸਨ। ਪਿਛਲੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਦੇ ਗੁਰਪ੍ਰੀਤ ਸਿੰਘ ਵੱਲੋਂ ਮੁਲਜ਼ਮਾਂ ਨੂੰ ਪੇਸ਼ ਕਰਨ ਲਈ ਅਰਜ਼ੀ ਦਾਇਰ ਕੀਤੀ ਗਈ ਸੀ ਤਾਂ ਕਿ ਉਹ ਉਨ੍ਹਾਂ ਦੀ ਪਛਾਣ ਕਰ ਸਕੇ। ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਨ ’ਤੇ ਉਨ੍ਹਾਂ ਦੇ ਚਿਹਰੇ ਸਪੱਸ਼ਟ ਦਿਖਾਈ ਨਹੀਂ ਦਿੰਦੇ ਸਨ। ਇਸ ਤੋਂ ਬਾਅਦ ਪੰਜਾਬ ਪੁਲੀਸ ਨੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸੱਤ ਮੁਲਜ਼ਮਾਂ ਪ੍ਰਿਆਵਰਤ ਫ਼ੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ, ਕਸ਼ਿਸ਼ ਉਰਫ਼ ਕੁਲਦੀਪ, ਸੰਦੀਪ ਸਿੰਘ ਉਰਫ਼ ਕੇਕੜਾ, ਕੇਸ਼ਵ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਨੂੰ ਅੱਜ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ। ਗਵਾਹ ਗੁਰਪ੍ਰੀਤ ਸਿੰਘ ਨੇ ਅੱਜ ਚਾਰ ਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਦੀ ਪਛਾਣ ਕੀਤੀ। ਚਸ਼ਮਦੀਦ ਨੇ ਸੰਦੀਪ ਕੇਕੜਾ ਅਤੇ ਕੇਸ਼ਵ ਦੀ ਪਛਾਣ ਵੀ ਕੀਤੀ।

You must be logged in to post a comment Login