ਮੈਂ ਕਿਸੇ ਦੀ ਖੁਸ਼ਾਮਦ ਨਹੀਂ ਕਰ ਸਕਦਾ : ਸੁਖਪਾਲ ਖਹਿਰਾ

ਮੈਂ ਕਿਸੇ ਦੀ ਖੁਸ਼ਾਮਦ ਨਹੀਂ ਕਰ ਸਕਦਾ : ਸੁਖਪਾਲ ਖਹਿਰਾ

ਚੰਡੀਗੜ੍ਹ : ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਕੋਈ ਦੁੱਖ ਨਹੀਂ ਹੈ ਪਰ ਹਾਈ ਕਮਾਨ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਇਕ ਵਾਰ ਮੇਰੇ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਸੀ। ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਹਾਈਕਮਾਨ ਪਹਿਲਾਂ ਮੈਨੂੰ ਮੇਰੀ ਗਲਤੀ ਦੱਸਦਾ ਜਾਂ ਫਿਰ ਮੈਨੂੰ ਨੋਟਿਸ ਭੇਜਿਆ ਜਾਂਦਾ ਪਰ ਅਫਸੋਸ ਕਿ ਅਜਿਹਾ ਨਹੀਂ ਹੋਇਆ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਸੱਚਾਈ ਅਤੇ ਬੇਬਾਕੀ ਨਾਲ ਜਨਤਾ ਦੇ ਮੁੱਦਿਆਂ ਨੂੰ ਉਜਾਗਰ ਕਰਨ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ। ਕਈ ਲੀਡਰਾਂ ਨੂੰ ਸੱਚਾਈ ‘ਤੇ ਚੱਲਣ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ। ਖਹਿਰਾ ਨੇ ਕਿਹਾ ਸੀ ਮੈਨੂੰ ਪਤਾ ਸੀ ਕਿ ਸੱਚ ਬੋਲਣ ਦਾ ਮੈਨੂੰ ਵੀ ਖਾਮਿਆਜ਼ਾ ਭੁਗਤਣਾ ਪਵੇਗਾ ਪਰ ਇਕ ਸਾਲ ਈਮਾਨਦਾਰੀ, ਤਨਦੇਹੀ, ਨਿਡਰਤਾ ਨਾਲ ਕੰਮ ਕੀਤਾ ਇਸ ਗੱਲ ਦੀ ਸੰਤੁਸ਼ਟੀ ਹੈ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਾ ਫੋਨ ਨਹੀਂ ਆਇਆ। ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਮੁੱਖ ਮੰਤਰੀ ਦੇ ਬਰਾਬਰ ਦਾ ਅਹੁਦਾ ਹੁੰਦਾ ਹੈ, ਇਕ ਟਵੀਟ ਕਰਕੇ ਅਜਿਹਾ ਫੈਸਲਾ ਸੁਣਾ ਦੇਣਾ ਇਹ ਇਕ ਤਰ੍ਹਾਂ ਅਹੁਦੇ ਦੀ ਮਰਿਆਦਾ ਭੰਗ ਕਰਨਾ ਹੈ। ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਮੈਂ ਕਿਸੇ ਦੀ ਖੁਸ਼ਾਮਦ ਨਹੀਂ ਕਰ ਸਕਦਾ ਤੇ ਨਾ ਹੀ ਦਿੱਲੀ ਜਾ ਕੇ ਹਾਜ਼ਰੀ ਭਰ ਸਕਦਾ, ਇਹੋ ਕਾਰਨ ਸੀ ਕਿ ਪੰਜਾਬ ‘ਚ ਪਾਰਟੀ ਦੇ ਹੀ ਆਗੂਆਂ ਨੇ ਮੇਰੇ ਖਿਲਾਫ ਹਾਈ ਕਮਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਅਤੇ ਇਹ ਪਾੜਾ ਵੱਧਦਾ ਹੀ ਗਿਆ।
ਫੰਡ ਇਕੱਠੇ ਕਰਨ ਦੇ ਲੱਗ ਰਿਹੇ ਦੋਸ਼ਾਂ ‘ਤੇ ਖਹਿਰਾ ਨੇ ਕਿਹਾ ਕਿ ਪਹਿਲਾਂ ਪਾਰਟੀ ‘ਤੇ ਵਿਦੇਸ਼ਾਂ ਤੋਂ ਫੰਡ ਇਕੱਠੇ ਕਰਨ ਦੇ ਦੋਸ਼ ਲੱਗਦੇ ਸਨ, ਹੁਣ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਜੇ ਮੈਂ ਕਿਸੇ ਤੋਂ ਫੰਡ ਲਿਆ ਹੈ ਤਾਂ ਇਸ ਦੀ ਜਾਂਚ ਕਰਵਾਈ ਜਾ ਸਕਦੀ ਹੈ। ਬਸ ਮੈਨੂੰ ਮਲਾਲ ਇਸ ਗੱਲ ਦਾ ਹੈ ਕਿ ਮੈਨੂੰ ਗੈਰ ਲੋਕਤਾਂਤਰਿਕ ਢੰਗ ਨਾਲ ਅਹੁਦੇ ਤੋਂ ਹਟਾਇਆ ਗਿਆ ਹੈ।

You must be logged in to post a comment Login