ਮੈਨੂੰ ਲੱਗਦਾ ਹੈ ਕਿ ਉਹ ਹਾਦਸਾ ਦੁਬਾਰਾ ਵਾਪਰ ਗਿਆ ਹੈ: ਕਨਿਸ਼ਕ ਪਾਇਲਟ ਦੀ ਵਿਧਵਾ

ਮੈਨੂੰ ਲੱਗਦਾ ਹੈ ਕਿ ਉਹ ਹਾਦਸਾ ਦੁਬਾਰਾ ਵਾਪਰ ਗਿਆ ਹੈ: ਕਨਿਸ਼ਕ ਪਾਇਲਟ ਦੀ ਵਿਧਵਾ

ਚੰਡੀਗੜ੍ਹ, 13 ਜੂਨ (ਭਰਤੇਸ਼ ਸਿੰਘ ਠਾਕੁਰ) : ਵੀਰਵਾਰ ਦੁਪਹਿਰ ਤੋਂ ਬਾਅਦ ਅਮਰਜੀਤ ਕੌਰ ਭਿੰਡਰ ਸਾਰਾ ਦਿਨ ਟੀਵੀ ਅੱਗੇ ਬੈਠੀ ਰਹੀ, ਜਦੋਂ ਅਹਿਮਦਾਬਾਦ ’ਚ ਭਿਆਨਕ ਜਹਾਜ਼ ਹਾਦਸਾ ਵਾਪਰਿਆ ਜਿਸ ’ਚ ਉਸ ਵਿਚ ਸਵਾਰ 241 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਨੇ ਅਮਰਜੀਤ ਕੌਰ ਦੀਆਂ 40 ਸਾਲ ਪਹਿਲਾਂ ਦੀਆਂ ਦਰਦਨਾਕ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਉਨ੍ਹਾਂ ਬਹੁਤ ਮੱਧਮ ਆਵਾਜ਼ ਵਿਚ ਕਿਹਾ, “ਮੈਨੂੰ ਲੱਗਦਾ ਹੈ ਕਿ ਉਹ ਹਾਦਸਾ ਦੁਬਾਰਾ ਵਾਪਰ ਗਿਆ ਹੈ।” ਉਨ੍ਹਾਂ ਦੀ ਆਵਾਜ਼ ’ਚ ਉਸ ਭਿਆਨਕ ਯਾਦ ਦਾ ਦਰਦ ਝਲਕ ਰਿਹਾ ਸੀ।

ਅਮਰਜੀਤ ਕੌਰ, ਕੈਪਟਨ ਐੱਸਐੱਸ ਭਿੰਡਰ ਦੀ ਵਿਧਵਾ ਹੈ। ਐੱਸਐੱਸ ਭਿੰਡਰ ਏਅਰ ਇੰਡੀਆ ਦੀ ਬਦਕਿਸਮਤ ਕਨਿਸ਼ਕ ਫਲਾਈਟ 182 ’ਤੇ ਫਸਟ ਅਫ਼ਸਰ ਸਨ। ਇਹ ਉਡਾਣ 23 ਜੂਨ, 1985 ਨੂੰ ਕੈਨੇਡਾ ਤੋਂ ਭਾਰਤ ਆ ਰਹੀ ਸੀ ਅਤੇ ਅੱਤਵਾਦੀ ਬੰਬ ਧਮਾਕੇ ਨਾਲ ਹਵਾ ਵਿੱਚ ਹੀ ਤਬਾਹ ਹੋ ਗਈ। ਇਸ ਵਿੱਚ ਸਵਾਰ ਸਾਰੇ 329 ਯਾਤਰੀ ਮਾਰੇ ਗਏ ਸਨ।

ਉਸ ਦਿਨ, ਅਮਰਜੀਤ (36) ਮੁੰਬਈ ਵਿੱਚ ਬੈਠੀ ਆਪਣੇ ਪਤੀ ਦੀ ਫੋਨ ਕਾਲ ਦਾ ਇੰਤਜ਼ਾਰ ਕਰ ਰਹੀ ਸੀ। ਉਸ ਦੇ ਪਤੀ ਨੇ ਉਸ ਨੂੰ ਕਿਹਾ ਸੀ ਕਿ ਉਹ ਲੰਡਨ ਪਹੁੰਚ ਕੇ ਉਸ ਨੂੰ ਕਾਲ ਕਰੇਗਾ। ਪਰ ਉਹ ਕਾਲ ਨਹੀਂ ਆਈ। ਉਨ੍ਹਾਂ ਕਿਹਾ, “ਮੈਂ ਇੰਤਜ਼ਾਰ ਕਰਦੀ ਰਹੀ। ਉਨ੍ਹਾਂ ਵਾਅਦਾ ਕੀਤਾ ਸੀ ਕਿ ਉਹ ਕਾਲ ਕਰਨਗੇ।” ਉਨ੍ਹਾਂ ਦੱਸਿਆ, “ਇਸ ਦੀ ਬਜਾਏ, ਇਕ ਪਰਿਵਾਰਕ ਦੋਸਤ, ਅਦਾਕਾਰ ਵਰਿੰਦਰ ਸਾਡੇ ਘਰ ਆਏ ਤੇ ਇਹ ਮਨਹੂਸ ਖ਼ਬਰ ਦੱਸੀ।’ ਉਨ੍ਹਾਂ ਮੈਨੂੰ ਪੁੱਛਿਆ, ‘ਭਾਅ ਜੀ ਕਿੱਥੇ ਹਨ? ਉਨ੍ਹਾਂ ਦੀ ਡਿਊਟੀ ਕਿਸ ਰੂਟ ’ਤੇ ਹੈ?’ ਫਿਰ ਮੈਨੂੰ ਉਸ ਹਾਦਸੇ ਬਾਰੇ ਪਤਾ ਲੱਗਾ। ਇਸ ਹਾਦਸੇ ਵਿੱਚ ਕੋਈ ਨਹੀਂ ਬਚਿਆ ਸੀ।” ਉਨ੍ਹਾਂ ਦੀ ਬੇਟੀ ਜਸਲੀਨ 10 ਸਾਲ ਦੀ ਸੀ ਅਤੇ ਬੇਟਾ ਅਸ਼ਮਦੀਪ ਸਿਰਫ਼ 7 ਸਾਲਾਂ ਦਾ ਸੀ। ਹਰ ਸਾਲ ਜੂਨ ਦੇ ਮਹੀਨੇ, ਉਸ ਹਾਦਸੇ ਦੀਆਂ ਯਾਦਾਂ ਉਨ੍ਹਾਂ ਨੂੰ ਦੁਖੀ ਕਰਦੀਆਂ ਹਨ। ਪਰ ਇਸ ਵਾਰ ਅਹਿਮਦਾਬਾਦ ਹਾਦਸੇ ਨੂੰ ਉਸ ਦੇ ਦਰਦ ਨੂੰ ਹੋਰ ਡੂੰਘਾ ਕੀਤਾ ਹੈ। ਉਸ ਦਾ ਬੇਟਾ, ਅਸ਼ਮਦੀਪ, ਜੋ ਹੁਣ ਕੈਪਟਨ ਅਸ਼ਮਦੀਪ ਸਿੰਘ ਭਿੰਡਰ ਹੈ, ਵੀ ਏਅਰ ਇੰਡੀਆ ਦਾ ਪਾਇਲਟ ਹੈ। ਉਹ ਬੋਇੰਗ 787 ਡਰੀਮਲਾਈਨਰ ਉਡਾਉਂਦਾ ਹੈ, ਉਸੇ ਜਹਾਜ਼ ਵਰਗਾ ਜੋ ਅਹਿਮਦਾਬਾਦ ਵਿੱਚ ਹਾਦਸੇ ਦੀ ਲਪੇਟ ’ਚ ਆ ਗਿਆ। ਅਮਰਜੀਤ ਕੌਰ ਨੇ ਕਿਹਾ, “ਮੈਨੂੰ ਇੰਝ ਲੱਗਿਆ ਕਿ ਕਿਸੇ ਹੋਰ ਨਾਲ ਨਹੀਂ, ਇਹ ਹਾਦਸਾ ਦੁਬਾਰਾ ਮੇਰੇ ਨਾਲ ਵਾਪਰ ਰਿਹਾ ਹੈ।… ਜਿਨ੍ਹਾਂ ਨਾਲ ਹਾਦਸਾ ਵਾਪਰਿਆ ਹੈ, ਅਸੀਂ ਉਨ੍ਹਾਂ ਦੇ ਪਰਿਵਾਰਾਂ ਦਾ ਦਰਦ ਸਮਝ ਸਕਦੇ ਹਾਂ। ਉਨ੍ਹਾਂ ਦੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।” ਕਨਿਸ਼ਕ ਬੰਬ ਧਮਾਕੇ ਤੋਂ ਪਹਿਲਾਂ ਸਭ ਖੁਸ਼ਨੁਮਾ ਸੀ। ਪਰ ਇਕਦਮ ਸਭ ਕੁਝ ਗਮ ਵਿੱਚ ਬਦਲ ਗਿਆ। ਫਿਰ ਵੀ ਉਸ ਨੇ ਆਪਣੇ-ਆਪ ਨੂੰ ਸੰਭਾਲਿਆ। ਅਮਰਜੀਤ ਨੇ ਏਅਰ ਇੰਡੀਆ ਵਿੱਚ ਮੈਨੇਜਰ ਪੱਧਰ ਦੀ ਨੌਕਰੀ ਕੀਤੀ ਤਾਂ ਕਿ ਬੱਚਿਆਂ ਨੂੰ ਚੰਗਾ ਭਵਿੱਖ ਮਿਲ ਸਕੇ। ਉਸ ਨੇ ਆਪਣੀ ਬੇਟੀ ਨੂੰ ਹਵਾਈ ਮਹਿਕਮੇ ਤੋਂ ਅਲੱਗ ਖੇਤਰ ਵਿੱਚ ਭਵਿੱਖ ਬਣਾਉਣ ਲਈ ਮਨਾ ਲਿਆ ਪਰ ਬੇਟੇ ਨੇ ਇਸੇ ਖੇਤਰ ਵਿੱਚ ਕੰਮ ਕਰਨ ਦਾ ਮਨ ਬਣਾ ਲਿਆ ਸੀ। ਉਹ ਦੋ ਸਾਲ ਦੀ ਉਮਰ ਤੋਂ ਹੀ ਪਾਇਲਟ ਬਣਨਾ ਚਾਹੁੰਦਾ ਸੀ। ਉਸ ਦੀ ਬੇਟੀ ਸਿੰਗਾਪੁਰ ਏਅਰਲਾਈਨਜ਼ ਦੇ ਪਾਇਲਟ ਨਾਲ ਵਿਆਹੀ ਹੋਈ ਹੈ।

You must be logged in to post a comment Login