ਚੰਡੀਗੜ੍ਹ, 4 ਨਵੰਬਰ : ਪੰਜਾਬ ਦੇ ਮਾਲਵਾ ਖੇਤਰ ਵਿੱਚ ਸਥਿਤ ਛੋਟੇ ਜਿਹੇ ਸ਼ਹਿਰ ਮੋਗਾ ਦੀਆਂ ਦੋ ਧੀਆਂ, ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਨਵੀਂ ਸੰਗੀਤ ਸਨਸਨੀ ਪਰਮਜੀਤ ਕੌਰ ‘That Girl’ ਨੇ ਆਪਣੇ ਖਾਸ ਪ੍ਰਦਰਸ਼ਨ ਨਾਲ ਨਾ ਸਿਰਫ਼ ਪੰਜਾਬ ਸਗੋਂ ਸਮੁੱਚੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਮਾਣ ਦਿਵਾਇਆ ਹੈ। ਭਾਵੇਂ ਇੱਕ ਨੇ ਆਪਣੀ ਹਿੰਮਤ ਬੱਲੇ ਨਾਲ ਦਿਖਾਈ ਅਤੇ ਦੂਜੀ ਨੇ ਆਪਣੇ ਗੀਤਾਂ ਨਾਲ, ਪਰ ਦੋਵਾਂ ਦੀਆਂ ਕਹਾਣੀਆਂ ਅਟੁੱਟ ਹਿੰਮਤ ਅਤੇ ਦ੍ਰਿੜ੍ਹਤਾ ਨੂੰ ਦਰਸਾਉਂਦੀਆਂ ਹਨ, ਇਹ ਸਾਬਤ ਕਰਦੀਆਂ ਹਨ ਕਿ ਵੱਡੀਆਂ ਪ੍ਰਾਪਤੀਆਂ ਲਈ ਸਾਧਨਾਂ ਦੀ ਨਹੀਂ, ਸਗੋਂ ਜਨੂੰਨ ਦੀ ਲੋੜ ਹੁੰਦੀ ਹੈ।ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਨਾਂ ਇੱਕ ਮਾਹਿਰ ਬੱਲੇਬਾਜ਼ ਵਜੋਂ ਜਾਣਿਆ ਜਾਂਦਾ ਹੈ। ਮੋਗਾ ਦੀ ਰਹਿਣ ਵਾਲੀ ਇਹ ਖਿਡਾਰਨ ਉਦੋਂ ਹੋਰ ਵੀ ਚਰਚਾ ਵਿੱਚ ਆਈ ਜਦੋਂ ਉਸ ਦੀ ਕਪਤਾਨੀ ਹੇਠ ਟੀਮ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਅਤੇ ਜਿੱਤ ਹਾਸਲ ਕੀਤੀ। ਹਰਮਨਪ੍ਰੀਤ ਦਾ ਸਫ਼ਰ ਕੁਰਬਾਨੀਆਂ ਭਰਿਆ ਰਿਹਾ ਹੈ। ਉਸ ਨੇ ਆਪਣੇ ਬਚਪਨ ਵਿੱਚ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਮੈਦਾਨ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਸਥਾਨਕ ਲੋਕ ਦੱਸਦੇ ਹਨ ਕਿ ਉਹ ਅਕਸਰ ਮੁੰਡਿਆਂ ਨਾਲ ਖੇਡਦੀ ਸੀ ਅਤੇ ਸੀਮਤ ਬੁਨਿਆਦੀ ਢਾਂਚੇ ਦੇ ਬਾਵਜੂਦ ਕ੍ਰਿਕਟ ਕੋਚਿੰਗ ਲਈ ਮੀਲਾਂ ਦਾ ਸਫ਼ਰ ਤੈਅ ਕਰਦੀ ਸੀ।ਉਸ ਦੇ ਪਿਤਾ ਹਰਮਿੰਦਰ ਸਿੰਘ, ਜੋ ਕਿ ਇੱਕ ਉਤਸ਼ਾਹੀ ਖੇਡ ਪ੍ਰੇਮੀ ਸਨ ਅਤੇ ਮਾਤਾ ਸਤਵਿੰਦਰ ਕੌਰ ਨੇ ਉਸ ਦੇ ਸੁਪਨੇ ਨੂੰ ਜਿਉਂਦਾ ਰੱਖਣ ਲਈ ਅਟੁੱਟ ਸਮਰਥਨ ਦਿੱਤਾ। ਹਰਮਨਪ੍ਰੀਤ ਸੱਜੇ ਹੱਥ ਦੀ ਬੱਲੇਬਾਜ਼ ਅਤੇ ਇੱਕ ਕਾਰਗਰ ਆਫ-ਸਪਿਨ ਗੇਂਦਬਾਜ਼ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਵਿੱਚ ਮਹੱਤਵਪੂਰਨ ਰਿਕਾਰਡ ਦਰਜ ਕਰ ਚੁੱਕੀ ਹੈ, ਜਿਨ੍ਹਾਂ ਵਿੱਚ 2017 ਵਿਸ਼ਵ ਕੱਪ ਸੈਮੀਫਾਈਨਲ ਵਿੱਚ ਆਸਟਰੇਲੀਆ ਵਿਰੁੱਧ 115 ਗੇਂਦਾਂ ਵਿੱਚ ਨਾਬਾਦ 171 ਦੌੜਾਂ ਬਣਾਉਣਾ ਸ਼ਾਮਲ ਹੈ।
ਦੂਜੇ ਪਾਸੇ 19 ਸਾਲਾ ਪਰਮਜੀਤ ਕੌਰ, ਜਿਸ ਨੂੰ ਉਸ ਦੇ ਆਨਲਾਈਨ ਨਾਂ ‘That Girl’ ਨਾਲ ਜਾਣਿਆ ਜਾਂਦਾ ਹੈ, ਪੰਜਾਬੀ ਸੰਗੀਤ ਅਤੇ ਡਿਜੀਟਲ ਮੀਡੀਆ ਵਿੱਚ ਇੱਕ ਤੇਜ਼ੀ ਨਾਲ ਉੱਭਰਦੀ ਸ਼ਖਸੀਅਤ ਹੈ। ਮੋਗਾ ਜ਼ਿਲ੍ਹੇ ਦੇ ਦੁੱਨੇਕੇ ਪਿੰਡ ਦੀ ਰਹਿਣ ਵਾਲੀ ਪਰਮ ਦਾ ਪਿਛੋਕੜ ਬਹੁਤ ਹੀ ਸਾਧਾਰਨ ਹੈ। ਉਸ ਦੇ ਪਿਤਾ ਸੁਰਜੀਤ ਸਿੰਘ ਦਿਹਾੜੀਦਾਰ ਮਜ਼ਦੂਰ ਹਨ, ਜਦੋਂ ਕਿ ਉਸ ਦੀ ਮਾਤਾ ਜਸਪਾਲ ਕੌਰ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਹੈ। ਪਰਮ ਨੇ ਮੋਗਾ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਵਰਤਮਾਨ ਵਿੱਚ ਡੀਐਮ ਕਾਲਜ, ਮੋਗਾ ਵਿੱਚ ਪੜ੍ਹ ਰਹੀ ਹੈ। ਉਸ ਨੇ ਲਗਪਗ ਇੱਕ ਸਾਲ ਪਹਿਲਾਂ ਛੋਟੀਆਂ ਸੰਗੀਤ ਰੀਲਾਂ ਬਣਾਉਣੀ ਸ਼ੁਰੂ ਕੀਤੀ ਸੀ। ਉਸਦਾ ਡੈਬਿਊ ਸਿੰਗਲ ‘That Girl’ ਰਿਲੀਜ਼ ਤੋਂ ਬਾਅਦ ਤੁਰੰਤ ਵਾਇਰਲ ਹੋ ਗਿਆ। ਇਸ ਗੀਤ ਨੇ ਇੱਕ ਹਫ਼ਤੇ ਦੇ ਅੰਦਰ 35 ਲੱਖ ਤੋਂ ਵੱਧ ਵਿਊਜ਼ ਪ੍ਰਾਪਤ ਕੀਤੇ। ਇਹ ਗੀਤ ਔਰਤਾਂ ਦੀ ਆਜ਼ਾਦੀ ਅਤੇ ਸਵੈ-ਵਿਸ਼ਵਾਸ ਦੇ ਸਸ਼ਕਤੀਕਰਨ ਸੰਦੇਸ਼ ਲਈ ਮਕਬੂਲ ਹੋਇਆ। ਪਰਮ ਨੇ ਇੱਕ ਇਤਿਹਾਸਕ ਪ੍ਰਾਪਤੀ ਦਰਜ ਕਰਦੇ ਹੋਏ ਸਪੌਟੀਫਾਈ ਦੇ ਗਲੋਬਲ ਵਾਇਰਲ 50 ਚਾਰਟ ’ਤੇ ਨੰਬਰ 1 ਸਥਾਨ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਾਕਾਰ ਬਣ ਗਈ ਹੈ। ਇਹ ਪ੍ਰਾਪਤੀ ਸਤੰਬਰ ਵਿੱਚ ਰਿਲੀਜ਼ ਹੋਣ ਦੇ ਸਿਰਫ਼ ਦੋ ਹਫ਼ਤਿਆਂ ਬਾਅਦ ਹੋਈ। ਪਰਮ ਦੀ ਗਾਇਕੀ ਸ਼ੈਲੀ ਦੀ ਤੁਲਨਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਕੀਤੀ ਜਾਂਦੀ ਹੈ ਅਤੇ ਉਸਨੂੰ ‘ਲੇਡੀ ਮੂਸੇਵਾਲਾ’ ਦਾ ਖਿਤਾਬ ਦਿੱਤਾ ਗਿਆ ਹੈ। ਉਸ ਦੀਆਂ ਪ੍ਰਾਪਤੀਆਂ ਲਈ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਉਸ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਵੀ ਪਰਮ ਦੇ ਗੀਤ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦੇ ਹੋਏ, ਉਸ ਨੂੰ ‘ਪੰਜਾਬ ਦੀ ਨਵੀਂ ਆਵਾਜ਼’ ਕਿਹਾ ਅਤੇ ਉਸ ਦੀ ਸੰਘਰਸ਼ ਦੀ ਕਹਾਣੀ ਨੂੰ ਉਜਾਗਰ ਕੀਤਾ ਸੀ।

You must be logged in to post a comment Login