ਮੋਦੀ ਦੀ ਕੈਨੇਡਾ ਫੇਰੀ ਦੌਰਾਨ ਭਾਰਤ ਅਤੇ ਕੈਨੇਡਾ ਵਿਚਾਲੇ ਹੋਵੇਗਾ ਵਪਾਰਕ ਪ੍ਰਮਾਣੂ ਸਮਝੌਤਾ

ਨਵੀਂ ਦਿੱਲੀ, 1 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਦਿਨਾ ਕੈਨੇਡਾ ਫੇਰੀ ਦੌਰਾਨ ਭਾਰਤ ਅਤੇ ਕੈਨੇਡਾ ਵਿਚਾਲੇ ਵਪਾਰਕ ਪ੍ਰਮਾਣੂ ਸਮਝੌਤਾ ਹੋਣ ਦੀ ਸੰਭਾਵਨਾ ਹੈ। ਦੋਵਾਂ ਦੇਸ਼ਾਂ ਨੇ ਸਾਲ 2010 ਵਿਚ ਗੈਰ-ਫੌਜੀ ਪ੍ਰਮਾਣੂ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ, ਜਿਸ ਤੋਂ ਬਾਅਦ ਸਾਲ 2012 ਵਿਚ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਨੇਪਰੇ ਚਾੜਿਆ ਗਿਆ ਪਰ ਇਸ ਤੋਂ ਬਾਅਦ ਕੈਨੇਡਾ ਦੀ ਯੂਰੇਨੀਅਮ ਬਣਾਉਣ ਵਾਲੀ ਮੁੱਖ ਕੰਪਨੀ ਕੇਮਕੋ ਦੀ ਭਾਰਤ ਵਿਚ ਨਿਊਕਲੀਅਰ ਪਾਵਰ ਪਲਾਂਟਾਂ ਨੂੰ ਯੂਰੇਨੀਅਮ ਦੀ ਸਪਲਾਈ ਲਈ ਵਪਾਰਕ ਵਾਰਤਾ ਚੱਲ ਰਹੀ ਹੈ। ਭਾਰਤ ਵਿਚ ਨਿਊਕਲੀਅਰ ਪਾਵਰ ਪਲਾਂਟਾਂ ਨੂੰ ਯੂਰੇਨੀਅਮ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਲੋਮੈਟ ਸੂਤਰਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਗੱਲਬਾਤ ਛੇਤੀ ਹੀ ਨਤੀਜੇ ਉੱਤੇ ਪਹੁੰਚ ਸਕਦੀ ਹੈ ਅਤੇ ਜਦੋਂ ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਕੈਨੇਡਾ ਫੇਰੀ (14 ਅਪ੍ਰੈਲ ਤੋਂ 16 ਅਪ੍ਰੈਲ) ਉੱਤੇ ਹੋਣਗੇ ਤਾਂ ਇਸ ਸਮਝੌਤੇ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਕੈਨੇਡਾ ਤੋਂ ਯੁਰੇਨੀਅਰ ਦੀ ਸਪਲਾਈ ਕਰਨ ਦੇ ਸੰਕੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਫੇਸਬੁੱਕ ਪੰਨੇ ਉੱਤੇ ਲਿਖਿਆ ਹੈ ਕਿ ਅਸੀਂ ਕੈਨੇਡਾ ਨਾਲ ਗੈਰ-ਫੌਜੀ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਸਹਿਯੋਗ ਦੀ ਆਸ ਰੱਖਦੇ ਹਾਂ। ਉਨਾਂ ਲਿਖਿਆ ਕਿ ਸਾਡੇ ਨਿਊਕਲੀਅਰ ਪਾਵਰ ਪਲਾਂਟਾਂ ਨੂੰ ਯੂਰੇਨੀਅਮ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਇਸ ਦਿਸ਼ਾ ਵਿਚ ਕੈਨੇਡਾ ਭਾਰਤ ਨਾਲ ਸਹਿਯੋਗ ਕਰ ਸਕਦਾ ਹੈ। ਕੈਨੇਡਾ ਕੋਲ ਭਾਰੀ ਮਾਤਰਾ ਵਿਚ ਯੁਰੇਨੀਅਮ ਹੈ। ਉਹ ਵਿਸ਼ਵ ਵਿਚ ਸਭ ਤੋਂ ਵੱਧ ਯੁਰੇਨੀਅਮ ਪੈਦਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੈ। ਕੈਨੇਡਾ ਭਾਰਤ ਨੂੰ ਪਹਿਲਾਂ ਵੀ ਯੂਰੇਨੀਅਮ ਸਪਲਾਈ ਕਰਦਾ ਰਿਹਾ ਹੈ ਪਰ 8 ਮਈ, 1974 ਨੂੰ ਭਾਰਤ ਵੱਲੋਂ ਪੋਖਰਨ ਵਿੱਚ ਨਿਊਕਲੀਅਰ ਧਮਾਕਾ ਕਰਨ ਤੋਂ ਬਾਅਦ ਕੈਨੇਡਾ ਨੇ ਭਾਰਤ ਨੂੰ ਨਿਊਕਲੀਅਰ ਊਰਜਾ ਦੀ ਸਪਲਾਈ ਬੰਦ ਕਰ ਦਿੱਤੀ ਸੀ। ਸਾਲ 2010 ਵਿਚ 27 ਜੂਨ ਨੂੰ ਲਗਭਗ 36 ਸਾਲ ਬਾਅਦ ਕੈਨੇਡਾ ਨੇ ਭਾਰਤ ਨਾਲ ਇਤਿਹਾਸ ਸਿਰਜਦੇ ਹੋਏ ਗੈਰ-ਫੌਜੀ ਪ੍ਰਮਾਣੂ ਸਮਝੌਤਾ ਕੀਤਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਤੇ ਕੈਨੇਡਾ ਵਿਚਾਲੇ ਪ੍ਰਮਾਣੂ ਕਾਰੋਬਾਰ ਦੇ ਸਬੰਧ ਵਿੱਚ ਗੱਲਬਾਤ ਜਨਵਰੀ 2009 ਵਿੱਚ ਸ਼ੁਰੂ ਹੋਈ ਸੀ ਪਰ ਇਹ ਕਾਫੀ ਮੱਠੀ ਚਾਲੇ ਚੱਲਦੀ ਰਹੀ। ਨਵੰਬਰ 2009 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਦੱਖਣੀ ਏਸ਼ੀਆ ਦੇ ਕੀਤੇ ਗਏ ਦੌਰੇ ਦੌਰਾਨ ਵੀ ਇਸ ਨੂੰ ਸਿਰੇ ਨਾ ਚੜਾਇਆ ਜਾ ਸਕਿਆ ਸੀ। ਪ੍ਰਮਾਣੂ ਸਹਿਯੋਗ ਸਬੰਧੀ ਕਰਾਰ ਉੱਤੇ ਜੂਨ 2010 ਵਿੱਚ ਦਸਤਖ਼ਤ ਜ਼ਰੂਰ ਕੀਤੇ ਗਏ ਸਨ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਰੀਕੀ ਨਾਲ ਹਰ ਪੱਖ ਦੀ ਜਾਂਚ ਕਰਨ ਦੀ ਲੋੜ ਸੀ, ਜਿਸ ਕਾਰਨ ਅਸਲੀ ਦੇਰ ਹੋ ਰਹੀ ਹੈ। ਭਾਰਤ ਨਾਲ ਅਤੀਤ ਵਿੱਚ ਪ੍ਰਮਾਣੂ ਸਬੰਧੀ ਸੁਖਾਲੇ ਨਾ ਰਹਿਣ ਕਾਰਨ ਕੈਨੇਡਾ ਕੋਈ ਜੋਖ਼ਮ ਨਹੀਂ ਚੁੱਕਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਕੈਨੇਡਾ ਵੱਲੋਂ ਮੁਹੱਈਆ ਕਰਵਾਏ ਗਏ ਪ੍ਰਮਾਣੂ ਰਿਐਕਟਰ ਦੀ ਵਰਤੋਂ ਆਪਣੇ ਸਮਾਈਲਿੰਗ ਬੁੱਧਾ ਨਾਂ ਦੇ ਪ੍ਰੋਜੈਕਟ ਲਈ ਕਰ ਲਈ ਸੀ ਤੇ 1974 ਵਿੱਚ ਇਸ ਪ੍ਰਮਾਣੂ ਤਕਨੀਕ ਦਾ ਪ੍ਰੀਖਣ ਵੀ ਕਰ ਲਿਆ ਸੀ।

You must be logged in to post a comment Login