ਚੰਡੀਗੜ੍ਹ, 29 ਜੁਲਾਈ- ਪੰਜਾਬ ਮੰਤਰੀ ਮੰਡਲ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਸ਼ਾਨ ਬਹਾਲ ਲਈ ਨਵੀਂ ਖੇਡ ਨੀਤੀ-2023 ਨੂੰ ਹਰੀ ਝੰਡੀ ਦਿੱਤੀ ਹੈ। ਇਹ ਖੇਡ ਨੀਤੀ ਹਾਕੀ ਕੋਚ ਸੁਰਿੰਦਰ ਸਿੰਘ ਸੋਢੀ, ਗੁਰਬਖਸ਼ ਸਿੰਘ ਸੰਧੂ, ਰਾਜਦੀਪ ਸਿੰਘ ਗਿੱਲ, ਡਾ. ਰਾਜ ਕੁਮਾਰ ਸ਼ਰਮਾ ਤੇ ਜਨਰਲ ਚੀਮਾ ਦੀ ਅਗਵਾਈ ਹੇਠਲੀ ਟੀਮ ਨੇ ਇਕ ਸਾਲ ਦੀ ਮਿਹਨਤ ਨਾਲ ਤਿਆਰ ਕੀਤੀ ਹੈ। ਨਵੀਂ ਖੇਡ ਨੀਤੀ-2023 ਤਹਿਤ ਕੋਚ ਤੇ ਖੇਡ ਮਾਹਿਰਾਂ ਦੀ ਢੁੱਕਵੀਂ ਗਿਣਤੀ ਨਾਲ ਪਿੰਡਾਂ, ਸ਼ਹਿਰਾਂ ਅਤੇ ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਮਿਆਰੀ ਖੇਡ ਢਾਂਚਾ ਵਿਕਸਤ ਹੋਵੇਗਾ। ਇਸ ਨੀਤੀ ਤਹਿਤ ਕੌਮੀ ਤੇ ਕੌਮਾਂਤਰੀ ਪੱਧਰ ਅਤੇ ਹੋਰ ਖੇਡ ਟੂਰਨਾਮੈਂਟਾਂ ਦੇ ਜੇਤੂ ਖਿਡਾਰੀਆਂ ਲਈ ਕਰੋੜਾਂ ਰੁਪਏ ਦੇ ਨਕਦ ਇਨਾਮਾਂ ਤੇ ਨੌਕਰੀਆਂ ਦੇਣ ਦੇ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਖਿਡਾਰੀਆਂ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਨਵੀਂ ਖੇਡ ਨੀਤੀ ਅਨੁਸਾਰ ਖਿਡਾਰੀਆਂ ਨੂੰ ਤਿਆਰੀ ਲਈ ਇਕ ਲੱਖ ਰੁਪਏ ਤੋਂ 15 ਲੱਖ ਰੁਪਏ ਤੱਕ ਦੀ ਵਿੱਤੀ ਮਦਦ ਕੀਤੀ ਜਾਵੇਗੀ। ਇਹ ਨੀਤੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਕੋਚਾਂ ਦੀ ਸਿਖਲਾਈ ਲਈ ਮੌਕੇ ਮੁਹੱਈਆ ਕਰਵਾਉਣ ’ਤੇ ਆਧਾਰਿਤ ਹੋਵੇਗੀ। ਇਸ ਵਿੱਚ ਪੈਰਾ ਖਿਡਾਰੀਆਂ ਦੀਆਂ ਸਹੂਲਤਾਂ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

You must be logged in to post a comment Login