ਮੱਧ ਪ੍ਰਦੇਸ਼: ਸਾਬਕਾ ਵਿਦਿਆਰਥੀ ਵੱਲੋਂ ਕਾਲਜ ’ਚ ਪੈਟਰੋਲ ਪਾ ਕੇ ਸਾੜੀ ਪ੍ਰਿੰਸੀਪਲ ਦੀ ਮੌਤ

ਮੱਧ ਪ੍ਰਦੇਸ਼: ਸਾਬਕਾ ਵਿਦਿਆਰਥੀ ਵੱਲੋਂ ਕਾਲਜ ’ਚ ਪੈਟਰੋਲ ਪਾ ਕੇ ਸਾੜੀ ਪ੍ਰਿੰਸੀਪਲ ਦੀ ਮੌਤ

ਇੰਦੌਰ, 25 ਫਰਵਰੀ- ਇੰਦੌਰ ਦੇ ਪ੍ਰਾਈਵੇਟ ਫਾਰਮੇਸੀ ਕਾਲਜ ਦੇ ਅਹਾਤੇ ਵਿਚ ਸਾਬਕਾ ਵਿਦਿਆਰਥੀ ਵੱਲੋਂ ਪੰਜ ਦਿਨ ਪਹਿਲਾਂ ਅੱਗ ਲਾ ਕੇ ਸਾੜੀ 54 ਸਾਲਾ ਮਹਿਲਾ ਪ੍ਰਿੰਸੀਪਲ ਦੀ ਅੱਜ ਤੜਕੇ ਇਲਾਜ ਦੌਰਾਨ ਮੌਤ ਹੋ ਗਈ। ਸਿਮਰੋਲ ਥਾਣਾ ਖੇਤਰ ‘ਚ ਸਥਿਤ ਬੀਐੱਮ ਕਾਲਜ ਆਫ ਫਾਰਮੇਸੀ ਦੇ ਸਾਬਕਾ ਵਿਦਿਆਰਥੀ ਆਸ਼ੂਤੋਸ਼ ਸ੍ਰੀਵਾਸਤਵ (24) ਨੇ 20 ਫਰਵਰੀ ਨੂੰ ਕਾਲਜ ਪ੍ਰਿੰਸੀਪਲ ਡਾ. ਵਿਮੁਕਤਾ ਸ਼ਰਮਾ (54) ਨੂੰ ਸੰਸਥਾ ਦੇ ਅਹਾਤੇ ‘ਚ ਪੈਟਰੋਲ ਪਾ ਕੇ ਬੁਰੀ ਤਰ੍ਹਾਂ ਨਾਲ ਸਾੜ ਦਿੱਤਾ ਸੀ। ਉਹ 80 ਫੀਸਦੀ ਸੜ ਗਈ ਸੀ। ਸ੍ਰੀਵਾਸਤਵ ਨੂੰ ਘਟਨਾ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ ਪੁਲੀਸ ਹਿਰਾਸਤ ‘ਚ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕੌਮੀ ਸੁਰੱਖਿਆ ਐਕਟ (ਰਸੂਕਾ) ਤਹਿਤ ਮਾਮਲਾ ਦਰਜ ਕੀਤਾ ਹੈ। ਪ੍ਰਿੰਸੀਪਲ ਦੇ ਬਿਆਨ ਦੇ ਆਧਾਰ ‘ਤੇ ਸ੍ਰੀਵਾਸਤਵ ਖ਼ਿਲਾਫ਼ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪ੍ਰਿੰਸੀਪਲ ਦੀ ਮੌਤ ਤੋਂ ਬਾਅਦ ਇਸ ਵਿੱਚ ਧਾਰਾ 302 (ਕਤਲ) ਨੂੰ ਜੋੜ ਦਿੱਤਾ ਗਿਆ ਹੈ। ਪੁਲੀਸ ਨੇ ਘਟਨਾ ਦੇ ਕਾਰਨਾਂ ਸਬੰਧੀ ਸ੍ਰੀਵਾਸਤਵ ਤੋਂ ਕੀਤੀ ਮੁਢਲੀ ਪੁੱਛ ਪੜਤਾਲ ਦਾ ਹਵਾਲਾ ਦਿੰਦੇ ਹੋਏ ਦੱਸਿਆ ਸੀ ਕਿ ਉਸ ਨੇ ਬੀ. ਫਾਰਮਾ. ਜੁਲਾਈ 2022 ‘ਚ ਪ੍ਰੀਖਿਆ ਪਾਸ ਕੀਤੀ ਸੀ ਪਰ ਕਈ ਵਾਰ ਕਹਿਣ ਦੇ ਬਾਵਜੂਦ ਕਾਲਜ ਮੈਨੇਜਮੈਂਟ ਉਸ ਨੂੰ ਮਾਰਕ ਲਿਸਟ ਨਹੀਂ ਦੇ ਰਿਹਾ ਸੀ। ਕਾਲਜ ਮੈਨੇਜਮੈਂਟ ਸ੍ਰੀਵਾਸਤਵ ਦੇ ਇਸ ਦਾਅਵੇ ਨੂੰ ਗਲਤ ਦੱਸ ਰਹੀ ਹੈ।

You must be logged in to post a comment Login