ਲੰਡਨ, 3 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਤਿੱਖੀ ਬਹਿਸ ਮਗਰੋਂ ਯੂਕਰੇਨੀ ਰਾਸ਼ਟਰਪਤੀ ਨੂੰ ਯੂਰੋਪ ਤੋਂ ਪੂਰੀ ਤਰ੍ਹਾਂ ਨਾਲ ਹਮਾਇਤ ਮਿਲ ਗਈ ਹੈ। ਇਥੇ ਹੋਏ ਸਿਖਰ ਸੰਮੇਲਨ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਮੇਤ ਹੋਰ ਆਗੂਆਂ ਨੇ ਯੂਕਰੇਨ ਸਮੇਤ ਪੂਰੇ ਯੂਰੋਪ ਦੀ ਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਸਿਖਰ ਸੰਮੇਲਨ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ’ਤੇ ਕੇਂਦਰਿਤ ਰਿਹਾ ਜਿਨ੍ਹਾਂ ਨੂੰ ਅੱਜ ਇਥੇ ਆਲਮੀ ਆਗੂਆਂ ਨੇ ਗਲਵੱਕੜੀ ਪਾ ਕੇ ਥਾਪੜਾ ਦਿੱਤਾ। ਸਟਾਰਮਰ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮਿਲ ਕੇ ਸ਼ਾਂਤੀ ਯੋਜਨਾ ਲਈ ਰਾਜ਼ੀ ਹੋ ਗਏ ਹਨ ਜੋ ਅਮਰੀਕਾ ਅੱਗੇ ਪੇਸ਼ ਕੀਤੀ ਜਾਵੇਗੀ। ਯੂਰੋਪੀਅਨ ਕਮਿਸ਼ਨ ਦੀ ਮੁਖੀ ਵੋਨ ਡੇਰ ਲੇਯੇਨ ਨੇ ਯੂਰੋਪ ਨੂੰ ਫੌਰੀ ਤੌਰ ’ਤੇ ਵੱਡੇ ਪੱਧਰ ’ਤੇ ਹਥਿਆਰਬੰਦ ਕਰਨ ਦੀ ਵਕਾਲਤ ਕਰਦਿਆਂ ਕਿਹਾ, ‘‘ਅਸੀਂ ਅਮਰੀਕਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਯੂਰੋਪੀ ਮੁਲਕ ਲੋਕਤੰਤਰ ਦੀ ਰਾਖੀ ਕਰਨ ਲਈ ਤਿਆਰ ਹਨ।’’
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂਬਰ ਮੁਲਕਾਂ ਨੂੰ ਰੱਖਿਆ ਖੇਤਰ ’ਚ ਵਾਧੇ ਲਈ ਵਧੇਰੇ ਵਿੱਤੀ ਸਹਾਇਤਾ ਦੀ ਲੋੜ ਹੈ। ਇਸ ਤੋਂ ਪਹਿਲਾਂ ਸਟਾਰਮਰ ਨੇ ਕਿਹਾ, ‘‘ਇਹ ਯੂਕਰੇਨ ਲਈ ਢੁੱਕਵੇਂ ਸਮਝੌਤੇ ਦੀ ਗੱਲ ਨਹੀਂ ਸਗੋਂ ਇਹ ਹਰੇਕ ਮੁਲਕ ਦੀ ਸੁਰੱਖਿਆ ਨਾਲ ਜੁੜਿਆ ਅਹਿਮ ਮਾਮਲਾ ਹੈ। ਅਸੀਂ ਨਿਆਂਪੂਰਨ ਅਤੇ ਸ਼ਾਂਤੀ ਵਾਰਤਾ ਦੇ ਨਾਲ ਨਾਲ ਭਵਿੱਖ ’ਚ ਰੂਸ ਦੇ ਕਿਸੇ ਵੀ ਹਮਲੇ ਖ਼ਿਲਾਫ਼ ਯੂਕਰੇਨ ਦੀ ਸੁਰੱਖਿਆ ਯਕੀਨੀ ਬਣਾਉਣਾ ਚਾਹੁੰਦੇ ਹਾਂ।’’ ਉਨ੍ਹਾਂ ਕਿਹਾ ਕਿ ਜ਼ੇਲੈਂਸਕੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ’ਚ ਕੁਝ ਵੀ ਗਲਤ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਯੂਰੋਪੀ ਮੁਲਕਾਂ ਨੂੰ ਸ਼ਾਂਤੀ ਯੋਜਨਾ ਤਿਆਰ ਕਰਕੇ ਅਮਰੀਕਾ ਕੋਲ ਪੇਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨਾਲ ਮਿਲ ਕੇ ਯੋਜਨਾ ’ਤੇ ਕੰਮ ਕਰ ਰਹੇ ਹਨ ਜਿਸ ਬਾਰੇ ਅਮਰੀਕਾ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਟਾਰਮਰ ਨੇ ਕਿਹਾ ਕਿ ਯੂਕਰੇਨ ਲਈ ਵਧੀਆ ਨਤੀਜਾ ਹਾਸਲ ਕਰਨਾ ਯੂਰੋਪ ਅਤੇ ਹੋਰ ਮੁਲਕਾਂ ਦੀ ਸੁਰੱਖਿਆ ਲਈ ਅਹਿਮ ਹੈ। ਇਸ ਮੌਕੇ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰ ਆਗੂ ਵੀ ਹਾਜ਼ਰ ਸਨ।
You must be logged in to post a comment Login