ਯੂਕਰੇਨ ਪੁੱਜਾ ਭਾਰਤੀ ਅਸਲਾ, ਰੂਸ ਲਈ ਖੜ੍ਹਾ ਹੋਇਆ ਮਸਲਾ

ਯੂਕਰੇਨ ਪੁੱਜਾ ਭਾਰਤੀ ਅਸਲਾ, ਰੂਸ ਲਈ ਖੜ੍ਹਾ ਹੋਇਆ ਮਸਲਾ

ਨਵੀਂ ਦਿੱਲੀ, 19 ਸਤੰਬਰ : ਭਾਰਤੀ ਹਥਿਆਰ ਨਿਰਮਾਤਾਵਾਂ ਵੱਲੋਂ ਵੇਚੇ ਗਏ ਤੋਪਾਂ ਦੇ ਗੋਲਿਆਂ ਨੂੰ ਉਨ੍ਹਾਂ ਦੇ ਯੂਰਪੀ ਗਾਹਕਾਂ ਨੇ ਰੂਸ ਖ਼ਿਲਾਫ਼ ਜੰਗ ਵਿਚ ਵਰਤਣ ਵਾਸਤੇ ਯੂਕਰੇਨ ਨੂੰ ਭੇਜ ਦਿੱਤਾ ਹੈ ਅਤੇ ਰੂਸ ਵੱਲੋਂ ਇਸ ਦੇ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਭਾਰਤ ਨੇ ਇਸ ਕਾਰਵਾਈ ਨੂੰ ਰੋਕਣ ਲਈ ਕੋਈ ਦਖ਼ਲ ਨਹੀਂ ਦਿੱਤਾ। ਖ਼ਬਰ ਏਜੰਸੀ ਰਾਇਟਰਜ਼ ਨੇ ਆਪਣੀ ਖ਼ਾਸ ਰਿਪੋਰਟ ਵਿਚ ਦਾਅਵਾ ਕੀਤਾ ਕਿ ਇਹ ਖ਼ੁਲਾਸਾ ਭਾਰਤੀ ਤੇ ਯੂਰਪੀ ਅਧਿਕਾਰੀਆਂ ਤੇ ਰੱਖਿਆ ਸਨਅਤ ਨਾਲ ਜੁੜੇ ਸੂਤਰਾਂ ਵੱਲੋਂ ਕੀਤਾ ਗਿਆ ਹੈ ਅਤੇ ਏਜੰਸੀ ਦੇ ਆਪਣੇ ਵਿਸ਼ਲੇਸ਼ਣ ਵਿਚ ਵੀ ਇਹ ਗੱਲ ਉੱਭਰ ਕੇ ਆਈ ਹੈ। ਸੂਤਰਾਂ ਅਤੇ ਗਾਹਕਾਂ ਦੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਯੂਕਰੇਨ ਨੂੰ ਰੂਸ ਖ਼ਿਲਾਫ਼ ਜੰਗ ਵਿਚ ਯੂਰਪੀ ਮੁਲਕਾਂ ਵੱਲੋਂ ਦਿੱਤੀ ਜਾ ਰਹੀ ਮਦਦ ਦੇ ਹਿੱਸੇ ਵਜੋਂ ਕੀਵ ਨੂੰ ਭਾਰਤੀ ਅਸਲੇ ਦੀ ਇਹ ਸਪਲਾਈ ਬੀਤੇ ਕਰੀਬ ਇਕ ਸਾਲ ਤੋਂ ਜਾਰੀ ਹੈ। ਗ਼ੌਰਤਲਬ ਹੈ ਕਿ ਭਾਰਤ ਦੇ ਹਥਿਆਰਾਂ ਦੀ ਬਰਾਮਦ ਸਬੰਧੀ ਨਿਯਮ ਸਾਫ਼ ਤੌਰ ’ਤੇ ਵੇਚੇ ਗਏ ਹਥਿਆਰਾਂ ਨੂੰ ਇਨ੍ਹਾਂ ਦੇ ਐਲਾਨੀਆ ਗਾਹਕਾਂ ਤੋਂ ਇਲਾਵਾ ਕਿਸੇ ਹੋਰ ਵੱਲੋਂ ਵਰਤੇ ਜਾਣ ਦੀ ਮਨਾਹੀ ਕਰਦੇ ਹਨ ਅਤੇ ਗਾਹਕਾਂ ਵੱਲੋਂ ਅਜਿਹਾ ਕੀਤੇ ਜਾਣ ’ਤੇ ਉਨ੍ਹਾਂ ਨੂੰ ਭਵਿੱਖ ਵਿਚ ਹਥਿਆਰ ਦੇਣ ਤੋਂ ਨਾਂਹ ਕੀਤੀ ਜਾ ਸਕਦੀ ਹੈ।

You must be logged in to post a comment Login