ਨਵੀਂ ਦਿੱਲੀ, 7 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ। ਮੋਦੀ ਨੇ ਸਵੇਰੇ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ ਤੇ ਪੂਰਬੀ ਸ਼ਹਿਰ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਵਿੱਚ ਉਨ੍ਹਾਂ ਤੋਂ ਮਦਦ ਦੀ ਅਪੀਲ ਕੀਤੀ। ਇਹ ਗੱਲਬਾਤ ਲਗਪਗ 35 ਮਿੰਟ ਚੱਲੀ, ਜਿਸ ਵਿੱਚ ਦੋਨਾਂ ਆਗੂਆਂ ਨੇ ਪੂਰਬੀ ਯੂਰਪੀ ਮੁਲਕ ਯੂਕਰੇਨ ਦੇ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਮੀ ਵਿੱਚ ਹਾਲੇ ਵੀ 700 ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਪ੍ਰਧਾਨ ਮੰਤਰੀ ਨੇ ਯੂਕਰੇਨ ਸਰਕਾਰ ਵੱਲੋਂ ਕੀਤੀ ਜਾ ਰਹੀ ਮਦਦ ਲਈ ਜ਼ੇਲੇਂਸਕੀ ਦਾ ਧੰਨਵਾਦ ਕੀਤਾ ਤੇ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ।
ਬਾਅਦ ਦੁਪਹਿਰ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਯੂਕਰੇਨ ਦੇ ਹਾਲਾਤ ’ਤੇ ਚਰਚਾ ਕੀਤੀ। ਪੂਤਿਨ ਨੇ ਯੂਕਰੇਨ ਅਤੇ ਰੂਸੀ ਵਫ਼ਦ ਵਿਚਾਲੇ ਗੱਲਬਾਤ ਦੀ ਸਥਿਤੀ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਣੂ ਕਰਾਇਆ। ਮੋਦੀ ਨੇ ਪੂਤਿਨ ਤੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਗੋਲੀਬੰਦੀ, ਸੂਮੀ ਸਮੇਤ ਯੂਕਰੇਨ ਦੇ ਕੁਝ ਹਿੱਸਿਆ ਵਿੱਚ ਮਨੁੱਖੀ ਲਾਂਘੇ ਬਣਾਉਣ ਦੇ ਐਲਾਨ ਦੀ ਸ਼ਲਾਘਾ ਕੀਤੀ। ਰੂਸੀ ਰਾਸ਼ਟਰਪਤੀ ਨੇ ਯੂਕਰੇਨ ਦੇ ਸੂਮੀ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਵਿੱਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ।
You must be logged in to post a comment Login