ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖ ਯਾਤਰੀਆਂ ਨੂੰ ਪਾਕਿ ਵਿੱਚ ਮਿਲੇਗਾ ਮੁਫ਼ਤ ਆਨਲਾਈਨ ਵੀਜ਼ਾ

ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖ ਯਾਤਰੀਆਂ ਨੂੰ ਪਾਕਿ ਵਿੱਚ ਮਿਲੇਗਾ ਮੁਫ਼ਤ ਆਨਲਾਈਨ ਵੀਜ਼ਾ

ਇਸਲਾਮਾਬਾਦ, 3 ਨਵੰਬਰ- ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਨੇ ਕਿਹਾ ਕਿ ਯੂਕੇ, ਅਮਰੀਕਾ ਤੇ ਕੈਨੇਡਾ ਤੋਂ ਪਾਕਿਸਤਾਨ ’ਚ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸਿੱਖ ਯਾਤਰੀਆਂ ਨੂੰ ਮੁਲਕ ’ਚ ਪਹੁੰਚਣ ’ਤੇ ਅੱਧੇ ਘੰਟੇ ਦੇ ਅੰਦਰ ਮੁਫ਼ਤ ਆਨਲਾਈਨ ਵੀਜ਼ਾ ਮਿਲੇਗਾ। ਨਕਵੀ ਨੇ ਇਹ ਟਿੱਪਣੀ ਲਾਹੌਰ ’ਚ ਸਿੱਖ ਯਾਤਰੀਆਂ ਦੇ 44 ਮੈਂਬਰੀ ਵਿਦੇਸ਼ੀ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਕੀਤੀ ਹੈ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਪਾਕਿਸਤਾਨ ’ਚ ਕਈ ਸਿੱਖ ਵਿਰਾਸਤੀ ਸਥਾਨ ਦਰਸ਼ਨਾਂ ਲਈ ਖੋਲ੍ਹੇ ਜਾਣਗੇ ਅਤੇ ਇਸ ਲਈ ਕਿਸੇ ਪਰਮਿਟ ਦੀ ਲੋੜ ਨਹੀਂ ਹੋਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਮੰਤਰੀ ਨੇ ਪਾਕਿਸਤਾਨ ’ਚ ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਮੰਨਿਆ ਕਿ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਦੌਰੇ ’ਤੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਕਵੀ ਨੇ ਐਲਾਨ ਕੀਤਾ ਕਿ ਸਰਕਾਰ ਨੇ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਆਨਲਾਈਨ ਕਰਕੇ ਸੁਖਾਲਾ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀ, ਕੈਨੇਡਿਆਈ ਅਤੇ ਯੂਕੇ ਦੇ ਪਾਸਪੋਸਟ ਵਾਲੇ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ 30 ਮਿੰਟਾਂ ਦੇ ਅੰਦਰ ਬਿਨਾਂ ਕਿਸੇ ਫੀਸ ਤੋਂ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਇਹ ਸਹੂਲਤ ਇਨ੍ਹਾਂ ਦੇਸ਼ਾਂ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਸਿੱਖਾਂ ਨੂੰ ਵੀ ਮਿਲੇਗੀ।

You must be logged in to post a comment Login