ਯੂਕੇ ਦੇ ਬੱਸ ਡਰਾਈਵਰਾਂ ਦੀ ਸਖ਼ਤ ਮਿਹਨਤ ਨੂੰ ਸਲਾਮ ਕਰਦਾ ਗੀਤ “ਬੱਸ ਡਰਾਈਵਰ” ਲੋਕ ਅਰਪਣ 

ਯੂਕੇ ਦੇ ਬੱਸ ਡਰਾਈਵਰਾਂ ਦੀ ਸਖ਼ਤ ਮਿਹਨਤ ਨੂੰ ਸਲਾਮ ਕਰਦਾ ਗੀਤ “ਬੱਸ ਡਰਾਈਵਰ” ਲੋਕ ਅਰਪਣ 
  • ਗਾਇਕ ਵੀ ਬੱਸ ਡਰਾਈਵਰ ਤੇ ਅਦਾਕਾਰ ਵੀ ਬੱਸ ਡਰਾਈਵਰ
ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)- ਚਾਹੇ ਆਮ ਜ਼ਿੰਦਗੀ ਹੋਵੇ ਜਾਂ ਗੀਤ ਸੰਗੀਤ ਡਰਾਈਵਰ ਭਾਈਚਾਰੇ ਦੀ ਤਸਵੀਰ ਹਮੇਸ਼ਾ ਹੀ ਗਲਤ ਢੰਗ ਨਾਲ ਪ੍ਰਚਾਰੀ ਗਈ ਹੈ। ਅਸਲੀਅਤ ਇਹ ਹੈ ਕਿ ਵੇਲੇ ਸੜਕਾਂ ‘ਤੇ ਗੱਡੀਆਂ ਚਲਾਉਂਦੇ ਡਰਾਈਵਰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਕੇ ਵੀ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ। ਯੂਕੇ ਦੇ ਬੱਸ ਡਰਾਈਵਰ ਭਾਈਚਾਰੇ ਦੀ ਗੱਲ ਕਰੀਏ ਤਾਂ ਦੇਸ਼ ਭਰ ਵਿੱਚ ਆਮ ਲੋਕ ਬੱਸਾਂ ਜਰੀਏ ਵੱਡੀ ਪੱਧਰ ‘ਤੇ ਸਫਰ ਕਰਦੇ ਹਨ। ਹਰ ਪਿੰਡ ਤੋਂ ਵੱਡੇ ਸ਼ਹਿਰਾਂ ਤੱਕ ਫੈਲੇ ਨੈੱਟਵਰਕ ਜ਼ਰੀਏ ਲੋਕ ਬੱਸ ਸਫਰ ਦਾ ਆਨੰਦ ਮਾਣਦੇ ਹਨ। ਬੱਸ ਡਰਾਈਵਰਾਂ ਦੀਆਂ ਔਖਾਂ, ਉਹਨਾਂ ਦੇ ਕੰਮਾਂ ਦੀ ਬਾਤ ਪਾਉਂਦਾ ਗੀਤ “ਬੱਸ ਡਰਾਈਵਰ”  ਲੋਕ ਅਰਪਣ ਕਰਨ ਦੀ ਰਸਮ ਸ: ਬਲਿਹਾਰ ਸਿੰਘ ਰਾਮੇਵਾਲ, ਗੁਰਦਿੱਤ ਸਿੰਘ ਮਾਨ, ਹਰਸ਼ ਕੁਮਾਰ ਹਾਂਡਾ, ਮਨਦੀਪ ਸਿੰਘ, ਧਨਵੰਤ ਸਿੰਘ ਬਾਹੜਾ, ਹਰਜੀਤ ਸਿੰਘ ਖਹਿਰਾ, ਕਰਮਜੀਤ ਮੀਨੀਆਂ, ਫਸਟ ਬੱਸ ਸਕਾਟਸਟਨ ਡਿੱਪੂ ਦੇ ਮੈਨੇਜਰ ਸਟੂਅਰਟ ਮੈਕਨਟਾਇਰ ਤੇ ਰਾਬਰਟ ਵੱਲੋਂ ਅਦਾ ਕੀਤੀ ਗਈ। ਇਸ ਗੀਤ ਦੀ ਖਾਸੀਅਤ ਇਹ ਹੈ ਕਿ ਇਸ ਗੀਤ ਦਾ ਗੀਤਕਾਰ ਅਤੇ ਗਾਇਕ ਵੀ ਖੁਦ ਡਰਾਈਵਰ ਵੀ ਹੈ।

ਇਸ ਡਰਾਈਵਰ ਦਾ ਨਾਮ ਹੈ ਰਣਜੀਤ ਸਿੰਘ ਵੀਰ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਗੀਤ ਦੀ ਵੀਡੀਓ ਵਿੱਚ ਅਦਾਕਾਰੀ ਕਰਨ ਵਾਲੇ ਸਾਰੇ ਕਲਾਕਾਰ ਵੀ ਅਸਲੀ ਬੱਸ ਡਰਾਈਵਰ ਹੀ ਹਨ। ਵੀਡੀਓ ਦਾ ਫਿਲਮਾਂਕਣ ਜਿੱਥੇ ਵੈਸਟ ਮਿਡਲੈਂਡਜ਼ ਦੇ ਬੱਸ ਡਿਪੂਆਂ ਵਿੱਚ ਕੀਤਾ ਗਿਆ ਹੈ ਉੱਥੇ ਸਕਾਟਲੈਂਡ ਦੇ ਸਕਾਟਸਟਨ ਦੇ ਬੱਸ ਡਿਪੂ ਵਿੱਚ ਵੀ ਸ਼ੂਟਿੰਗ ਕੀਤੀ ਗਈ ਹੈ। ਇਸ ਗੀਤ ਨੂੰ ਸਕਾਟਲੈਂਡ ਸਥਿਤ ਕੰਪਨੀ ਤੇਜ ਰਿਕਾਰਡਜ਼ ਵੱਲੋਂ ਸ੍ਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਹੈ।

You must be logged in to post a comment Login