ਯੂਕੇ: ਪੱਤਰਕਾਰ, ਲੇਖਕ ਸੁਕੀਰਤ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ 

ਯੂਕੇ: ਪੱਤਰਕਾਰ, ਲੇਖਕ ਸੁਕੀਰਤ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ 
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕਲਮ ਐਂਡ ਆਰਟ ਸੋਸਾਇਟੀ ਯੂ.ਕੇ. ਵੱਲੋਂ ਪ੍ਰਸਿੱਧ ਪੰਜਾਬੀ ਪੱਤਰਕਾਰ ਅਤੇ ਲੇਖਕ ਸੁਕੀਰਤ ਨਾਲ ਮਿਲ ਬੈਠਣ ਵਾਸਤੇ ਹੇਜ਼ ਵਿਖੇ ‘ਰੂਬਰੂ‘ ਸਮਾਗਮ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੁਕੀਰਤ ਇਹਨੀਂ ਦਿਨੀਂ ਯੂ.ਕੇ. ਦੌਰੇ ‘ਤੇ ਹਨ। ਇਸ ਸਭਾ ਦੀ ਸੰਚਾਲਕ ਡਾ. ਅਮਰ ਜਿਉਤੀ ਨੇ ਸੁਕੀਰਤ ਦੀਆਂ ਸਾਹਿਤਕ ਅਤੇ ਪੱਤਰਕਾਰਤਾ ਖੇਤਰ ਵਿਚ ਪ੍ਰਾਪਤੀਆਂ ਬਾਰੇ ਵਾਕਫੀਅਤ ਕਰਵਾਈ ਅਤੇ ਉਹਨਾਂ ਦੇ ਗੌਰਵਮਈ ਪੰਜਾਬੀ ਸਾਹਿਤਕ ਘਰਾਣੇ ਗੁਰਬਖ਼ਸ਼ ਸਿੰਘ ਪ੍ਰੀਤਲੜੀ (ਨਾਨਾ ਜੀ), ਪਿਤਾ-ਮਾਤਾ ਜੀ ਜਗਜੀਤ ਸਿੰਘ ਅਨੰਦ, ਉਰਮਲਾ ਅਨੰਦ ਬਾਰੇ ਦੱਸਿਆ। ਇਸ ਤੋਂ ਬਾਅਦ ਸੁਕੀਰਤ ਨੇ ਆਪਣੀਆਂ ਰਚਨਾਵਾਂ ਅਤੇ ਪੱਤਰਕਾਰੀ ਖੇਤਰ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ। ਇਸ ਉਪਰੰਤ ਹਾਜ਼ਰ ਲੇਖਕਾਂ, ਪਾਠਕਾਂ ਵੱਲੋਂ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਸੁਕੀਰਤ ਨੇ  ਵਿਸਥਾਰ ਸਹਿਤ ਉੱਤਰ ਦਿੰਦਿਆਂ ਆਪਣੀਆਂ ਕਹਾਣੀਆਂ ਦੇ ਵਿਸ਼ਿਆਂ ਅਤੇ ਉਹਨਾਂ ਦੇ ਨਿਭਾਅ ਬਾਰੇ ਦੱਸਿਆ। ਇਸ ਅਵਸਰ ‘ਤੇ ਸ਼ਾਇਰਾ ਕੁਲਦੀਪ ਕਿੱਟੀ ਬੱਲ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ, ਬੰਦ ਬੂਹੇ, ਤੇਜ਼ ਚੱਲਣ ਹਨੇਰੀਆਂ ਲੋਕ ਅਰਪਣ ਕੀਤੀਆਂ ਗਈਆਂ। ਇਸ ਪਿੱਛੋਂ ਹਾਜ਼ਰ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ। ਕਵੀਆਂ ਵਿਚ ਦਲਵਿੰਦਰ ਬੁੱਟਰ, ਭਿੰਦਰ ਜਲਾਲਾਬਾਦੀ, ਕੁਲਦੀਪ ਕਿੱਟੀ ਬੱਲ, ਡਾ. ਅਮਰ ਜਿਉਤੀ, ਸ਼ਿਵਦੀਪ ਢੇਸੀ ਸ਼ਾਮਲ ਹੋਏ। ਅੱਜ ਦੇ ਸਮਾਗਮ ਦੇ ਪ੍ਰਧਾਨ  ਨਾਵਲਕਾਰ ਅਤੇ ਲੇਖਕ ਗੁਰਨਾਮ ਗਰੇਵਾਲ਼ ਨੇ ਪ੍ਰੋਗਰਾਮ ਬਾਰੇ ਸੰਖੇਪ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਆਖਿਰ ਵਿੱਚ ਕੁਲਦੀਪ ਕਿੱਟੀ ਬੱਲ ਨੇ ਅੱਜ ਦੇ ਵਿਸ਼ੇਸ਼ ਮਹਿਮਾਨ ਸੁਕੀਰਤ ਅਤੇ ਆਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ।

You must be logged in to post a comment Login