ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਮਹਾਰਾਣੀ ਐਲਿਜ਼ਾਬੈਥ ਦੀ ਮੌਤ ਨੇ ਜਿੱਥੇ ਰਾਸ਼ਟਰ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ ਉੱਥੇ ਹੀ ਯੂਨਾਈਟਿਡ ਕਿੰਗਡਮ ਵਿੱਚ ਤਬਦੀਲੀਆਂ ਦਾ ਇੱਕ ਦੌਰ ਵੀ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿੱਚੋਂ ਨੋਟਾਂ ਅਤੇ ਸਿੱਕਿਆਂ ਆਦਿ ਤੋਂ ਮਹਾਰਾਣੀ ਦੀ ਤਸਵੀਰ ਬਦਲਣ ਦੀ ਯੋਜਨਾ ਵੀ ਸ਼ਾਮਿਲ ਹੈ। ਪੈਸਾ ਅਤੇ ਸਟੈਂਪ ਆਦਿ ਰੋਜ਼ਾਨਾ ਦੀਆਂ ਚੀਜ਼ਾਂ ਵਿੱਚੋਂ ਦੋ ਹਨ ਜਿੱਥੇ ਮਹਾਰਾਣੀ ਐਲਿਜ਼ਾਬੈਥ II ਦਾ ਚਿਹਰਾ ਵੇਖਿਆ ਜਾਂਦਾ ਹੈ ਅਤੇ ਹੁਣ ਇਹਨਾਂ ਦੋਵਾਂ ‘ਚ ਵੀ ਬਦਲਾਅ ਹੋਵੇਗਾ। ਬੈਂਕ ਆਫ਼ ਇੰਗਲੈਂਡ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ ਨਕਦ ਅਤੇ ਸਿੱਕੇ ਕਾਨੂੰਨੀ ਟੈਂਡਰ ਬਣੇ ਰਹਿਣਗੇ ਪਰ ਦੇਸ਼ ਦੇ ਸੋਗ ਦੀ ਮਿਆਦ ਦੇ ਬਾਅਦ ਪੈਸੇ ਵਿੱਚ ਤਬਦੀਲੀ ਲਈ ਹੋਰ ਯੋਜਨਾਵਾਂ ਦਾ ਐਲਾਨ ਕਰੇਗਾ। ਗਵਰਨਰ ਐਂਡਰਿਊ ਬੇਲੀ ਅਨੁਸਾਰ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ। ਜਦਕਿ ਮੌਜੂਦਾ ਬੈਂਕ ਆਫ਼ ਇੰਗਲੈਂਡ ਦੇ ਬੈਂਕ ਨੋਟਾਂ ਬਾਰੇ ਇੱਕ ਹੋਰ ਘੋਸ਼ਣਾ ਸੋਗ ਦੀ ਮਿਆਦ ਮਨਾਉਣ ਤੋਂ ਬਾਅਦ ਕੀਤੀ ਜਾਵੇਗੀ। ਹਾਲਾਂਕਿ ਬੈਂਕ ਆਫ ਇੰਗਲੈਂਡ ਨੇ ਅਜੇ ਤੱਕ ਸਿੱਕੇ ਅਤੇ ਨਕਦੀ ਬਦਲਣ ਦੀ ਮਿਤੀ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਇਸ ਸੰਬੰਧੀ ਇੱਕ ਮਹੱਤਵਪੂਰਨ ਤਬਦੀਲੀ ਪੜਾਅਵਾਰ ਹੋਣ ਦੀ ਸੰਭਾਵਨਾ ਹੈ। ਇਸਦੇ ਲਈ ਯੋਜਨਾਵਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ ਅਤੇ ਨਵੀਂ ਨਕਦੀ ਪੈਦਾ ਕੀਤੀ ਜਾਵੇਗੀ ਅਤੇ ਆਮ ਸਰਕੂਲੇਸ਼ਨ ਵਿੱਚ ਵੰਡੀ ਜਾਵੇਗੀ, ਪੁਰਾਣੇ ਪੈਸੇ ਨੂੰ ਹੌਲੀ-ਹੌਲੀ ਖਤਮ ਕੀਤਾ ਜਾਵੇਗਾ। ਇਹ ਸਿਰਫ ਯੂਕੇ ਵਿੱਚ ਹੀ ਨਹੀਂ ਬਲਕਿ ਇਹ ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਵੀ ਵਰਤਿਆ ਜਾਂਦਾ ਹੈ ਅਤੇ ਉਹ ਵੀ ਅੰਤ ਵਿੱਚ ਮਹਾਰਾਣੀ ਦੀ ਤਸਵੀਰ ਵਾਲੀ ਨਕਦੀ ਨੂੰ ਖਤਮ ਕਰ ਦੇਣਗੇ। ਯੂਕੇ ਵਿੱਚ, ਵਰਤਮਾਨ ਵਿੱਚ ਤਕਰੀਬਨ 80 ਬਿਲੀਅਨ ਪੌਂਡ ਸਰਕੂਲੇਸ਼ਨ ਵਿੱਚ ਹਨ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login