ਆਗਰਾ, 20 ਜੂਨ- ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ, ਕਾਨਪੁਰ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਇੱਕ ਡਾਕਟਰ ਦੇ ਨਾਮ ਉੱਤੇ ਕਰੀਬ 83 ਹਸਪਤਾਲ ਰਜਿਸਟਰਡ ਹਨ। ਇਹ ਗੱਲ ਹਸਪਤਾਲਾਂ ਅਤੇ ਕਲੀਨਿਕਾਂ ਦੇ ਲਾਇਸੈਂਸ ਨਵਿਆਉਣ ਦੀਆਂ ਅਰਜ਼ੀਆਂ ਦੀ ਪੜਤਾਲ ਦੌਰਾਨ ਸਾਹਮਣੇ ਆਈ। ਮਾਮਲੇ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। ਅਧਿਕਾਰੀਆਂ ਨੇ ਕਿਹਾ ਕਿ ਆਗਰਾ ਅਤੇ ਇਸ ਦੇ ਆਸ-ਪਾਸ ਕਰੀਬ 449 ਮੈਡੀਕਲ ਸੁਵਿਧਾਵਾਂ ’ਤੇ 15 ਡਾਕਟਰਾਂ ਵੱਲੋਂ ‘ਗੈਰ-ਕਾਨੂੰਨੀ ਢੰਗ ਨਾਲ ਸੇਵਾ’ ਕੀਤੀ ਜਾ ਰਹੀ ਹੈ। ਚੀਫ਼ ਮੈਡੀਕਲ ਅਫ਼ਸਰ (ਸੀਐੱਮਓ) ਅਰੁਣ ਕੁਮਾਰ ਸ੍ਰੀਵਾਸਤਵ ਨੇ ਕਿਹਾ ਕਿ ਇਨ੍ਹਾਂ ਡਾਕਟਰਾਂ ਨੂੰ ਨੋਟਿਸ ਭੇਜੇ ਗਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਜਿਹੜੇ ਲੋਕ ਮੈਡੀਕਲ ਪ੍ਰੈਕਟੀਸ਼ਨਰ ਨਹੀਂ ਹਨ, ਉਹ ਹਸਪਤਾਲ, ਕਲੀਨਿਕ ਅਤੇ ਪੈਥੋਲੋਜੀ ਲੈਬ ਚਲਾਉਣ ਲਈ ਸਿਹਤ ਵਿਭਾਗ ਤੋਂ ਡਾਕਟਰ ਦੇ ਨਾਂ ‘ਤੇ ਲਾਇਸੈਂਸ ਲੈਂਦੇ ਹਨ। ਇਸ ਘਪਲੇ ਦਾ ਪਰਦਾਫਾਸ਼ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਇਸ ਸਾਲ ਲਾਇਸੈਂਸ ਦੇ ਨਵੀਨੀਕਰਨ ਦੀ ਪ੍ਰਕਿਰਿਆ ਆਨਲਾਈਨ ਕੀਤੇ ਜਾਣ ਦੇ ਹੁਕਮ ਤੋਂ ਬਾਅਦ ਹੋਇਆ। ਦੋਸ਼ੀ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਸੂਚੀ ਵਿੱਚ ਡਾਕਟਰ, ਕਾਰਡੀਓਲੋਜਿਸਟ, ਬਾਲ ਰੋਗ ਵਿਗਿਆਨੀ ਅਤੇ ਸਰਜਨ ਸ਼ਾਮਲ ਹਨ। ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ 2022-23 ਦੌਰਾਨ 1,269 ਮੈਡੀਕਲ ਸੈਂਟਰ ਰਜਿਸਟਰਡ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 494 ਹਸਪਤਾਲ, 493 ਕਲੀਨਿਕ, 170 ਪੈਥੋਲੋਜੀ ਲੈਬ, 104 ਡਾਇਗਨੌਸਟਿਕਸ ਸੈਂਟਰ, ਸੱਤ ਸੈਂਪਲ ਕੁਲੈਕਸ਼ਨ ਸੈਂਟਰ ਅਤੇ ਇੱਕ ਡਾਇਲਸਿਸ ਸੈਂਟਰ ਸਨ। ਸਿਹਤ ਵਿਭਾਗ ਨੇ ਅਰਜ਼ੀਆਂ ਦੀ ਪੜਤਾਲ ਤੋਂ ਬਾਅਦ ਸਾਲ 2023-24 ਲਈ ਹੁਣ ਤੱਕ 570 ਹਸਪਤਾਲਾਂ ਅਤੇ ਕਲੀਨਿਕਾਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ ਕੀਤਾ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login