ਰਣਬੀਰ ਰਾਣਾ ਬਣਿਆ ਮਾਸਟਰ, ਸਿਡਨੀ ’ਚ ਲਗਾਈ ਆਪਣੀ ਕਲਾਸ

ਰਣਬੀਰ ਰਾਣਾ ਬਣਿਆ ਮਾਸਟਰ, ਸਿਡਨੀ ’ਚ ਲਗਾਈ ਆਪਣੀ ਕਲਾਸ

ਸਿਡਨੀ : ਬੀਤੇ ਦਿਨੀਂ ਸਿਡਨੀ ਦੇ ਬਲੈਕ ਟਾਊਨ ਦੇ ਈਵੇਂਟ ਸਿਨੇਮਾ ਵਿਚ ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ ਆਪਣੇ ਪਲੇਅ ਰਾਹੀਂ ਮਾਸਟਰ ਜੀ ਬਣ ਕੇ ਕਲਾਸ ਲਗਾਈ, ਜਿਸ ਵਿਚ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਹਾਜ਼ਰੀ ਭਰੀ। ਨਾਟਕ ’ਚ ਅਹਿਮ ਭੂਮਿਕਾ ਵੀ ਰਾਣਾ ਰਣਬੀਰ ਵਲੋ ਨਿਭਾਈ ਗਈ। ਮਾਸਟਰ ਜੀ ਨੇ ਆਪਣੇ ਨਾਟਕ ਰਾਹੀਂ ਖੂਬਸੁੁਰਤ ਜ਼ਿੰਦਗੀ ਜਿਉਣ ਦੇ ਸੁਨੇਹੇ ਦਿੱਤੇ। ਨਾਟਕ ਰਾਹੀਂ ਰਾਣਾ ਰਣਬੀਰ ਨੇ ਲੋਕਾਂ ਦੇ ਮਨਾਂ ਵਿਚਲੇ ਕਈ ਭੁਲੇਖੇ ਦੂਰ ਕੀਤੇ ਅਤੇ ਹਾਸੇ ਤੇ ਵਿਅੰਗ ਰਾਹੀਂ ਅਸਲ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੱਤਾ। ਇਹ ਨਾਟਕ ਰਾਣਾ ਰਣਬੀਰ ਤੇ ਉਘੇ ਕਵੀ ਜਸਵੰਤ ਜਫ਼ਰ ਵਲੋਂ ਲਿਖਿਆ ਗਿਆ ਸੀ। ਇਸ ਨਾਟਕ ਦੀ ਖਾਸਿਅਤ ਇਹ ਰਹੀ ਕਿ ਕਰੀਬ ਦੋ ਤੋਂ ਢਾਈ ਘੰਟੇ ਤੱਕ ਚੱਲੇ ਇਸ ਨਾਟਕ ਵਿੱਚਲੇ ਕਿਰਦਾਰ ਮਾਸਟਰ ਗੁਰਮੁੱਖ ਸਿੰਘ ਨੇ ਵੱਖ-ਵੱਖ ਵਿਸ਼ਿਆਂ ਨੂੰ ਛੋਹਿਆ ਤੇ ਬਿਨਾਂ ਕਿਸੇ ਵਕਫੇ ਦੇ ਲਗਾਤਾਰ ਨਾਟਕ ਦੀ ਪੇਸ਼ਕਾਰੀ ਕੀਤੀ।
ਰਾਣਾ ਰਣਬੀਰ ਨਾਟਕ ਵਿਚ ਦਸਤਾਰ ਦੀ ਅਹਿਮੀਅਤ ਵਾਰੇ ਦੱਸਿਆ। ਰਾਣਾ ਰਣਬੀਰ ਨੇ ਨਾਟਕ ਵਿਚ ਮਾਸਟਰ ਗੁਰਮੁੱਖ ਸਿੰਘ ਦੀ ਭੂਮਿਕਾ ਨਿਭਾਈ ਅਤੇ ਇੱਕ ਇਨਸਾਨ ਵਿੱਚ ਲੁੱਕੇ ਕਿੰਨੇ ਹੀ ਕਿਰਦਾਰਾਂ ਨੂੰ ਸਹਿਜੇ ਢੰਗ ਨਾਲ ਦਰਸ਼ਕਾਂ ਸਾਮਣੇ ਪੇਸ਼ ਕਰ ਦਿੱਤਾ। ਮਾਸਟਰ ਜੀ ਜਿੱਥੇ ਸਮਾਜਿਕ ਕੁਰੀਤੀਆਂ ਤੇ ਅੰਧ ਵਿਸ਼ਵਾਸ਼ ਉਪਰ ਕਰਾਰੀ ਚੋਟ ਕੀਤੀ ਉਥੇ ਹੀ ਧਰਮ, ਰਾਜਨੀਤੀ ਤੇ ਖਾਸਕਰ ਨੌਜਵਾਨੀ ਦੇ ਸੋਸ਼ਲ ਮੀਡੀਆ ਨੂੰ ਵਰਤੋਂ ਨੂੰ ਲੈਕੇ ਤਿੱਖੇ ਵਿਅੰਗ ਕੱਸੇ। ਗੁਰੂਆਂ ਦੀ ਬਾਣੀ ਸ਼ਬਦ ਗੁਰੂ ਦੇ ਬਾਬੇ ਨਾਨਕ ਦੇ ਫ਼ਲਸਫ਼ੇ ਦੇ ਅਸਲ ਅਰਥਾਂ ਨੂੰ ਵੀ ਚੇਤੇ ਕਰਵਾਇਆ। ਰਾਣਾ ਰਣਬੀਰ ਦੀ ਪੇਸ਼ਕਾਰੀ ਨੇ ਆਏ ਹੋਏ ਦਰਸ਼ਕਾ ਨੂੰ ਜਿੱਥੇ ਜਜ਼ਬਾਤੀ ਵੀ ਕੀਤਾ, ਉਥੇ ਹੀ ਆਪਣੇ ਸੁਭਾਅ ਮੁਤਾਬਕ ਹਾਸਰਸ ਚੋਭਾਂ ਵੀ ਮਾਰੀਆਂ। ਰਾਣਾ ਰਣਬੀਰ ਇਸ ਨਾਟਕ ਰਾਂਹੀ ਨੌਜਵਾਨਾਂ ਨੂੰ ਵੱਧ ਤੋ ਵੱਧ ਕਿਤਾਬਾਂ ਨਾਲ ਜੁੜਨ ਲਈ ਵੀ ਪ੍ਰੇਰਿਆ ਤੇ ਤਰਕ ਨਾਲ ਗੱਲ ਕਰਨ ਦਾ ਸੱਦਾ ਦਿੱਤਾ। ਮਾਸਟਰ ਜੀ ਨਾਟਕ ਨੇ ਦਰਸ਼ਕਾਂ ਦੇ ਦਿਲਾਂ ਉਪਰ ਗਹਿਰੀ ਛਾਪ ਛੱਡੀ ਆਪਣੀ ਕਲਾ ਦਾ ਲੋਹਾ ਮੰਨਵਾਇਆ ਤੇ ਨਾਲ ਹੀ ਸਮਾਜ ਪ੍ਰਤੀ ਇੱਕ ਗੰਭੀਰ ਚਿੰਤਕ ਤੇ ਦਾਰਸ਼ਨਿਕ ਸੂਝਬੂਝ ਦਾ ਵੀ ਸਬੂਤ ਦਿੱਤਾ। ਨਾਟਕ ਦੀ ਸਮਾਪਤੀ ‘ਜ਼ਿੰਦਗੀ ਜਿੰਦਾਬਾਦ’ ਦੇ ਹੋਕੇ ਨਾਲ ਹੋਈ। ਇਸ ਨਾਟਕ ਵਿਚ ਪਹੁੰਚੇ ਦਰਸ਼ਕਾਂ ਨੇ ਦੱਸਿਆ ਕਿ ਰਾਣਾ ਰਣਬੀਰ ਦੇ ਇਸ ਨਾਟਕ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਦਰਸ਼ਕਾਂ ਨੇ ਕਿਹਾ ਕਿ ਇਸ ਨਾਟਕ ਰਾਹੀਂ ਸਾਨੂੰ ਚੰਗੀ ਸੋਚ ਲੈ ਕੇ ਅੱਗੇ ਚੱਲਣ ਦਾ ਸੁਨੇਹਾ ਦਿੰਦਾ ਹੈ। ਇਹ ਨਾਟਕ ਅੱਜ ਦੇ ਸਿਸਟਮ ’ਤੇ ਇਕ ਵਿਅੰਗ ਵੀ ਸੀ। ਰਣਬੀਰ ਰਾਣਾ ਵਲੋਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ ਵਿਖੇ ਵੀ ਇਹ ਨਾਟਕ ਪੇਸ਼ ਕੀਤਾ ਗਿਆ।

You must be logged in to post a comment Login