ਰਣਸੀਂਹ ਕਲਾਂ ਬਣੇਗਾ ਪੰਜਾਬ ਦਾ ਨਸ਼ਾ ਮੁਕਤ ਪਿੰਡ

ਰਣਸੀਂਹ ਕਲਾਂ ਬਣੇਗਾ ਪੰਜਾਬ ਦਾ ਨਸ਼ਾ ਮੁਕਤ ਪਿੰਡ

ਨਿਹਾਲ ਸਿੰਘ ਵਾਲਾ, 16 ਮਈ : ਪੰਜਾਬ ਦੇ ਉੱਤਮ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਵੱਲੋਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ। ਨਸ਼ਾ ਛੱਡਣ ਵਾਲੇ ਪਰਿਵਾਰਾਂ ਨੂੰ ਨਕਦ ਰਾਸ਼ੀ ਤੇ ਮਾਣ ਪੱਤਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਦੱਸਿਆ ਕਿ ‘ਨਸ਼ਾ ਮੁਕਤੀ ਦਾ ਅਭਿਆਨ, ਰਣਸੀਂਹ ਕਲਾਂ ਬਣੂ ਪੰਜਾਬ ਦੀ ਸ਼ਾਨ’ ਦੇ ਬੈਨਰ ਹੇਠ ਉਨ੍ਹਾਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਪਿੰਡ ਬਣਾਉਣ ਲਈ ਹਰ ਤਰ੍ਹਾਂ ਦਾ ਨਸ਼ਾ ਤਿਆਗਣ ਵਾਲੇ ਪਰਿਵਾਰਾਂ ਵਿੱਚੋਂ ਪਹਿਲੇ ਪਰਿਵਾਰ ਨੂੰ 11000 ਰੁਪਏ, ਦੂਜੇ ਪਰਿਵਾਰ ਨੂੰ 5100 ਰੁਪਏ, ਤੀਜੇ ਪਰਿਵਾਰ ਨੂੰ 3100 ਰੁਪਏ ਇਨਾਮ ਵਜੋਂ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਹੀ ਨਸ਼ਾ ਨਾ ਕਰਨ ਵਾਲੇ ਪਰਿਵਾਰਾਂ ਨੂੰ ਵੀ ਮਾਣ ਪੱਤਰ ਦਿੱਤਾ ਜਾਵੇਗਾ ਅਤੇ ਜਵਾਨੀ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਛੱਡਣ ਵਾਲਿਆਂ ਨੂੰ 1100 ਰੁਪਏ ਪ੍ਰਤੀ ਮਹੀਨਾ ਖ਼ੁਰਾਕ ਭੱਤਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਵੀ ਮੁਫ਼ਤ ਕਰਵਾਇਆ ਜਾਵੇਗਾ। ਸਰਪੰਚ ਮਿੰਟੂ ਨੇ ਦੱਸਿਆ ਕਿ ਪੰਚਾਇਤ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਸ਼ਰਾਬ ਦਾ ਠੇਕਾ ਵੀ ਨਹੀਂ ਖੁੱਲ੍ਹਣ ਦਿੱਤਾ ਗਿਆ। ਪਿੰਡ ਵਿੱਚ ਦੁਕਾਨਾਂ ’ਤੇ ਬੀੜੀ, ਜਰਦਾ, ਐਨਰਜੀ ਡਰਿੰਕ ਤੇ ਮੈਡੀਕਲ ਸਟੋਰਾਂ ਤੋਂ ਮੈਡੀਕਲ ਨਸ਼ਾ ਵੀ ਨਹੀਂ ਮਿਲੇਗਾ। ਨਿਵੇਕਲੀਆਂ ਪਹਿਲਕਦਮੀਆਂ ਕਰਨ ਵਾਲੇ ਸਰਪੰਚ ਨੇ ਪਿੰਡ ਨੂੰ ਸਾਫ਼-ਸੁਥਰਾ ਰੱਖਣ ਲਈ ਪਲਾਸਟਿਕ ਦੇ ਕੂੜੇ ਦੇ ਬਦਲੇ ਖੰਡ ਵੀ ਦਿੱਤੀ ਸੀ।

You must be logged in to post a comment Login