ਰਮਦਾਸ: ਸਪਰੇਟਾ ਦੁੱਧ ’ਚ ਤੇਲ ਮਿਲਾ ਕੇ ਬਣਾਇਆ 337 ਕਿਲੋਗ੍ਰਾਮ ਖੋਆ ਬਰਾਮਦ

ਰਮਦਾਸ: ਸਪਰੇਟਾ ਦੁੱਧ ’ਚ ਤੇਲ ਮਿਲਾ ਕੇ ਬਣਾਇਆ 337 ਕਿਲੋਗ੍ਰਾਮ ਖੋਆ ਬਰਾਮਦ

ਰਮਦਾਸ, 3 ਨਵੰਬਰ- ਤਿਓਹਾਰਾਂ ਦੇ ਦਿਨਾਂ ਵਿਚ ਮਠਿਆਈ ਦੀ ਮੰਗ ਵਧਣ ਕਾਰਨ ਇਸ ਵਿਚ ਨਕਲੀ ਦੁੱਧ ਤੇ ਖੋਏ ਦੀ ਹੁੰਦੀ ਵਰਤੋਂ ਨੂੰ ਸਖਤੀ ਨਾਲ ਰੋਕਣ ਲਈ ਫੂਡ ਸੇਫਟੀ ਟੀਮ ਨੇ ਥਾਣਾ ਲੋਪੋਕੇ ਦੇ ਪਿੰਡ ਮਾਨਾਂਵਾਲਾ ਵਿਖੇ ਦੋ ਘਰਾਂ ਵਿਚ ਛਾਪਾ ਮਾਰਕੇ ਸਪਰੇਟੇ ਦੁੱਧ ਤੇ ਰਿਫਾਇੰਡ ਤੇਲ ਦੀ ਵਰਤੋਂ ਨਾਲ ਤਿਆਰ 337 ਕਿਲੋਗ੍ਰਾਮ ਖੋਆ ਬਰਾਮਦ ਕੀਤਾ ਅਤੇ ਦੋਵਾਂ ਘਰਾਂ ਦੇ ਮਾਲਕਾਂ ਉਤੇ ਕੇਸ ਦਰਜ ਕਰਵਾਇਆ ਹੈ। ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਜਦ ਟੀਮ ਨੇ ਮਾਨਾਂਵਾਲਾ ਵਿਖੇ ਦੇਸਾ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਥੋਂ ਸਪਰੇਟੇ ਦੁੱਧ ਵਿਚ ਰਿਫਾਇੰਡ ਤੇਲ ਪਾ ਕੇ ਖੋਆ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸ ਮੌਕੇ 50 ਕਿਲੋ ਤਿਆਰ ਖੋਆ, 18 ਕਿਲੋ ਸਪਰੇਟਾ ਦੁੱਧ ਤੇ 10 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ। ਇਸੇ ਪਿੰਡ ਦੇ ਹੀ ਇਕ ਹੋਰ ਘਰ, ਜੋ ਕੁਲਦੀਪ ਸਿੰਘ ਦਾ ਹੈ, ’ਤੇ ਛਾਪਾ ਮਾਰਨ ਉਤੇ 287 ਕਿਲੋਗ੍ਰਾਮ ਇਸੇ ਤਰ੍ਹਾਂ ਤਿਆਰ ਕੀਤਾ ਖੋਆ, 44 ਕਿਲੋਗ੍ਰਾਮ ਸਪਰੇਟਾ ਦੁੱਧ ਤੇ 105 ਕਿਲੋਗ੍ਰਾਮ ਰਿਫਾਇੰਡ ਤੇਲ ਬਰਾਮਦ ਕੀਤਾ। ਇਨ੍ਹਾਂ ਨੇ ਆਪਣੇ ਘਰਾਂ ਵਿਚ ਗਰਾਇੰਡਰ ਰੱਖੇ ਹੋਏ ਹਨ, ਜੋ ਤੇਲ ਤੇ ਦੁੱਧ ਨੂੰ ਮਿਲਾ ਕੇ ਫਿਰ ਖੋਆ ਬਣਾਉਣ ਦਾ ਕੰਮ ਕਰਦੇ ਸਨ। ਟੀਮ ਵਿਚ ਮੌਜੂਦ ਫੂਡ ਸੇਫਟੀ ਅਧਿਕਾਰੀ ਸ੍ਰੀਮਤੀ ਕਮਲਦੀਪ ਕੌਰ, ਸਾਖਸ਼ੀ ਖੋਸਲਾ, ਅਮਨਦੀਪ ਸਿੰਘ ਤੇ ਅਸ਼ਵਨੀ ਕੁਮਾਰ ਨੇ ਸਾਰਾ ਖੋਆ ਨਸ਼ਟ ਕਰਵਾਇਆ ਅਤੇ ਖੋਏ ਦੇ 6 ਨਮੂਨੇ ਅਗਲੀ ਜਾਂਚ ਲਈ ਲੈ ਕੇ ਬਾਕੀ ਪਦਾਰਥ ਜ਼ਬਤ ਕਰ ਲਏ। ਟੀਮ ਨੇ ਸਾਰਾ ਮਾਮਲਾ ਥਾਣਾ ਲੋਪੋਕੇ ਦੇ ਐੱਸਐੱਚਓ ਯਾਦਵਿੰਦਰ ਸਿੰਘ ਦੇ ਧਿਆਨ ਵਿਚ ਲਿਆ ਕੇ ਦੋਵਾਂ ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀ ਧਾਰਾ 273-420 ਅਧੀਨ ਕੇਸ ਦਰਜ ਕਰਵਾ ਦਿੱਤਾ ਹੈ।

You must be logged in to post a comment Login