ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਸੀਕਰ, 8 ਅਗਸਤ- ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਤੜਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਮਚੀ ਭਗਦੜ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਹਿੰਦੂ ਕੈਲੰਡਰ ਅਨੁਸਾਰ, ਪਵਿੱਤਰ ਦਿਨ ਮੰਨੇ ਜਾਣ ਵਾਲੇ ‘ਗਿਆਰਸ’ ਮੌਕੇ ਖਾਟੂ ਸ਼ਿਆਮ ਮੰਦਰ ਦੇ ਬਾਹਰ ਵੱਡੀ ਗਿਣਤੀ ਲੋਕ ਇਕੱਤਰ ਹੋਏ ਸਨ। ਮੰਦਰ ਰਾਤ ਨੂੰ ਬੰਦ ਸੀ ਅਤੇ ਸ਼ਰਧਾਲੂਆਂ ਨੇ ਕਤਾਰਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਮੰਦਰ ਖੁੱਲ੍ਹਦੇ ਹੀ ਉਹ ਦਰਸ਼ਨ ਕਰ ਸਕਣ। ਐੱਸਪੀ ਸੀਕਰ ਕੁੰਵਰ ਰਾਸ਼ਟਰਦੀਪ ਨੇ ਦੱਸਿਆ, ‘‘ਹਾਦਸਾ ਤੜਕੇ 4.30 ਵਜੇ ਉਸ ਵੇਲੇ ਵਾਪਰਿਆ ਜਦੋਂ ਮੰਦਰ ਖੁੱਲ੍ਹਿਆ। ਮੰਦਰ ਦੇ ਗੇਟ ਖੁੱਲ੍ਹਦੇ ਹੀ ਸ਼ਰਧਾਲੂਆਂ ਨੂੰ ਅੱਗੇ ਵਧਣ ਦੀ ਛੇਤੀ ਸੀ। ਇਸ ਦੌਰਾਨ ਇਕ 63 ਸਾਲਾ ਔਰਤ ਡਿੱਗ ਗਈ। ਉਸ ਨੂੰ ਦਿਲ ਦੀ ਬਿਮਾਰੀ ਸੀ। ਉਸ ਦੇ ਪਿੱਛੇ ਖੜ੍ਹੀਆਂ ਦੋ ਹੋਰ ਔਰਤਾਂ ਡਿੱਗ ਪਈਆਂ। ਭਗਦੜ ’ਚ ਉਨ੍ਹਾਂ ਦੀ ਮੌਤ ਹੋ ਗਈ।’’ ਇਸ ਦੌਰਾਨ ਚਾਰ ਹੋਰ ਜਣੇ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।

You must be logged in to post a comment Login