ਰਾਜੀਵ ਗਾਂਧੀ ਨੂੰ ਦਿਤਾ ‘ਭਾਰਤ ਰਤਨ’ ਵਾਪਸ ਲਿਆ ਜਾਵੇ

ਰਾਜੀਵ ਗਾਂਧੀ ਨੂੰ ਦਿਤਾ ‘ਭਾਰਤ ਰਤਨ’ ਵਾਪਸ ਲਿਆ ਜਾਵੇ

ਅੰਮ੍ਰਿਤਸਰ : 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਜੇਲ ਦੀਆਂ ਸਲਾਖ਼ਾਂ ਪਿਛੇ ਪਹੁੰਚਾਉਣ ਲਈ ਲੰਮੀ ਲੜਾਈ ਲੜਨ ਵਾਲੀ ਬੀਬੀ ਜਗਦੀਸ਼ ਕੌਰ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿਤਾ ‘ ਭਾਰਤ ਰਤਨ’ ਵਾਪਸ ਲਿਆ ਜਾਵੇ। ਅੱਜ ਸਪੋਕਸਮੈਨ ਟੀਵੀ ਨਾਲ ਗੱਲ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਸਵਾਲ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਨੇ ਅਜਿਹਾ ਕੀ ਕੰਮ ਕੀਤਾ ਸੀ ਜਿਸ ਕਾਰਨ ਉਸ ਨੂੰ ਦੇਸ਼ ਦਾ ਸਰਵਉਚ ਸਨਮਾਨ ਭਾਰਤ ਰਤਨ ਦਿਤਾ ਗਿਆ?
ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਦੇਸ਼ ਭਰ ਵਿਚ ਵਸਦੇ ਘੱਟ ਗਿਣਤੀ ਸਿੱਖਾਂ ਦਾ ਘਾਣ ਕਰਨ ਬਦਲੇ ਭਾਰਤ ਰਤਨ ਦੇਣਾ ਮਾਰੇ ਗਏ ਸਿੱਖਾਂ ਨਾਲ ਨਾਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ 31 ਅਕਤੂਬਰ 1984 ਦੀ ਰਾਤ ਤਕ ਸੱਭ ਕੁੱਝ ਠੀਕ-ਠਾਕ ਸੀ, ਪਰ ਅਚਾਨਕ ਦੇਰ ਰਾਤ ਨੂੰ ਜਦ ਰਾਜੀਵ ਗਾਂਧੀ ਦਾ ਗੁਪਤ ਇਸ਼ਾਰਾ ਹੋਇਆ ਤਾਂ ਦੇਸ਼ ਭਰ ਵਿਚ ਸਿੱਖਾਂ ਦੇ ਖ਼ੂਨ ਨਾਲ ਹੋਲੀ ਖੇਡੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ ਸਿੱਖਾਂ ਦੇ ਖ਼ੂਨ ‘ਤੇ ਲੂਣ ਛਿੜਕਦਿਆਂ ਅਪਣੀ ਮਾਂ ਦੀ ਤੁਲਨਾ ਇਕ ਵੱਡੇ ਦਰੱਖ਼ਤ ਨਾਲ ਕਰਦਿਆਂ ਕਿਹਾ ਸੀ ਕਿ ”ਜਦ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ”। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਮੇਰੇ ਪਿਤਾ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਭਾਗ ਲੈਣ ਵਾਲੇ ਆਜ਼ਾਦੀ ਘੁਲਾਟੀਏ ਸਨ ਤੇ ਮੇਰੇ ਪਤੀ ਦੇਸ਼ ਦੀ ਸੁਰੱਖਿਆ ਲਈ ਬਣੀ ਫ਼ੌਜ ਵਿਚ ਸਰੱਹਦ ਦੀ ਰਾਖੀ ਕਰਨ ਵਾਲਿਆਂ ਵਿਚੋਂ ਸਨ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਇੰਦ ਨਾਲ ਮੁਲਾਕਾਤ ਕਰ ਕੇ ਰਾਜੀਵ ਗਾਂਧੀ ਕੋਲੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਉਨ੍ਹਾਂ ਨੂੰ ਕਾਨੂੰਨ ਦਾ ਸਹਾਰਾ ਲੈਣ ਦੀ ਵੀ ਲੋੜ ਪਈ ਤਾਂ ਉਹ ਕਾਨੂੰਨ ਦਾ ਸਹਾਰਾ ਵੀ ਲੈਣਗੇ ਪਰ ਰਾਜੀਵ ਗਾਂਧੀ ਕੋਲੋਂ ਇਹ ਸਨਮਾਨ ਹਰ ਕੀਮਤ ‘ਤੇ ਵਾਪਸ ਲਿਆ ਜਾਵੇਗਾ।

You must be logged in to post a comment Login