ਪਠਾਨਕੋਟ, 3 ਅਕਤੂਬਰ :ਮੌਸਮ ਵਿਭਾਗ ਵੱਲੋਂ 5, 6, 7 ਅਕਤੂਬਰ ਨੂੰ ਭਾਰੀ ਮੀਂਹ ਦੀ ਕੀਤੀ ਗਈ ਪੇਸ਼ੀਨਗੋਈ ਨੂੰ ਲੈ ਕੇ ਰਣਜੀਤ ਸਾਗਰ ਡੈਮ ਦੇ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਤੋਂ ਫਲੱਡ ਗੇਟ ਖੋਲ੍ਹ ਕੇ ਰਾਵੀ ਦਰਿਆ ਵਿੱਚ 35 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਰਾਵੀ ਦਰਿਆ ਵਿੱਚ ਵੱਧ ਗਏ ਪਾਣੀ ਦੇ ਪੱਧਰ ਨੇ ਇਸ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਰਹਿ ਰਹੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਾਣੀ ਦਾ ਪੱਧਰ ਇੱਕ ਵਾਰ ਫਿਰ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਲੋਕ ਖ਼ਤਰੇ ਵਿੱਚ ਹਨ। ਖਾਸ ਤੌਰ ’ਤੇ ਕਥਲੌਰ ਪੁਲ ਲਾਗੇ ਕੋਹਲੀਆਂ ਵਿਖੇ ਰਾਵੀ ਦਰਿਆ ਦੇ ਪਾਣੀ ਨਾਲ ਪਿਛਲੇ ਮਹੀਨੇ 25 ਅਗਸਤ ਨੂੰ ਜੋ ਧੁੱਸੀ ਬੰਨ੍ਹ ਟੁੱਟਿਆ ਸੀ ਉੱਥੇ ਕੁਝ ਟੋਟੇ ਵਿੱਚ ਤਾਂ ਆਰਜ਼ੀ ਤੌਰ ’ਤੇ ਰੇਤਾ ਦੀਆਂ ਬੋਰੀਆਂ ਲਗਾ ਕੇ ਆਰਜ਼ੀ ਬੰਨ੍ਹ ਬਣਾ ਦਿੱਤਾ ਗਿਆ ਹੈ ਪਰ ਪੰਮਾ ਪਿੰਡ ਕੋਲ ਅਜੇ ਵੀ 500 ਮੀਟਰ ਦੇ ਕਰੀਬ ਅਜਿਹਾ ਟੋਟਾ ਹੈ ਜਿੱਥੇ ਕੁਝ ਵੀ ਨਹੀਂ ਕੀਤਾ ਗਿਆ ਜਦਕਿ ਉਕਤ ਟੋਟੇ ਵਿੱਚ ਵੀ ਰਾਵੀ ਦਰਿਆ ਇਸ ਵੇਲੇ ਵਗ ਰਿਹਾ ਹੈ। ਸਰਕਾਰ ਵੱਲੋਂ ਰੇਤ ਅਤੇ ਮਿੱਟੀ ਦੀਆਂ ਬੋਰੀਆਂ ਦੀ ਵਰਤੋਂ ਕਰਕੇ ਬਣਾਇਆ ਗਿਆ ਆਰਜ਼ੀ ਬੰਨ੍ਹ ਖਿਸਕਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਦੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਰਜ਼ੀ ਬੰਨ੍ਹ ਦੀ ਮੁਰੰਮਤ ਅੱਜ ਮੁੜ ਸ਼ੁਰੂ ਕਰ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਵੀ ਦਰਿਆ ਨੇ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ ਅਤੇ ਆਪਣਾ ਮੁਹਾਣ ਹੀ ਕੋਹਲੀਆਂ, ਪੰਮਾ ਪਿੰਡ ਵਾਲੇ ਪਾਸੇ ਕਰ ਲਿਆ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪਾਣੀ ਇਧਰਲੇ ਕਿਨਾਰੇ ਹੀ ਵਗ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਾਨ-ਮਾਲ ਤੇ ਹੋਰ ਨੁਕਸਾਨ ਨੂੰ ਰੋਕਣ ਲਈ ਦਰਿਆ ਦੇ ਕੰਢੇ ਇੱਕ ਠੋਸ ਬੰਨ੍ਹ ਬਣਾਇਆ ਜਾਣਾ ਚਾਹੀਦਾ ਹੈ।

You must be logged in to post a comment Login