ਰਾਹੁਲ ਦ੍ਰਾਵਿੜ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਨਿਯੁਕਤ

ਰਾਹੁਲ ਦ੍ਰਾਵਿੜ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਨਿਯੁਕਤ

ਨਵੀਂ ਦਿੱਲੀ, 4 ਨਵੰਬਰ : ਭਾਰਤੀ ਕ੍ਰਿਕਟ ਬੋਰਡ ਨੇ ਅੱਜ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਐਲਾਨ ਦੀ ਪੂਰੀ ਉਮੀਦ ਸੀ ਕਿਉਂਕਿ ਇਸ ਮਹਾਨ ਬੱਲੇਬਾਜ਼ ਨੂੰ ਬੋਰਡ ਦੇ ਚੋਟੀ ਦੇ ਅਧਿਕਾਰੀਆਂ ਨੇ ਰਾਜ਼ੀ ਕਰ ਲਿਆ ਸੀ। ਐਨਸੀਏ ਦੇ ਪ੍ਰਮੁੱਖ ਦੇ ਤੌਰ ਉਤੇ ਕੰਮ ਕਰ ਰਹੇ ਦ੍ਰਾਵਿੜ ਨੂੰ ਭਾਰਤ ਵਿਚ 2023 ਵਿਚ ਹੋਣ ਵਾਲੇ 50 ਓਵਰ ਦੇ ਵਿਸ਼ਵ ਕੱਪ ਤੱਕ ਦੋ ਸਾਲ ਲਈ ਇਸ ਅਹੁਦੇ ਉਤੇ ਨਿਯੁਕਤ ਕੀਤਾ ਗਿਆ ਹੈ।
ਭਾਰਤ ਲਈ ਖੇਡਣ ਵਾਲੇ ਮਹਾਨ ਖਿਡਾਰੀ 47 ਸਾਲਾ ਦ੍ਰਾਵਿੜ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਦੀ ਪਹਿਲੀ ਪਸੰਦ ਸਨ। ਕ੍ਰਿਕਟ ਸਲਾਹਕਾਰ ਕਮੇਟੀ ਨੇ ਸਰਬਸੰਮਤੀ ਨਾਲ ਦ੍ਰਵਿੜ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਚੁਣਿਆ ਹੈ। ਇਸ ਕਮੇਟੀ ਵਿਚ ਸੁਲਕਸ਼ਣਾ ਨਾਇਕ ਤੇ ਆਰਪੀ ਸਿੰਘ ਸ਼ਾਮਲ ਹਨ।
ਸਾਬਕਾ ਭਾਰਤੀ ਕਪਤਾਨ ਨਿਊਜ਼ੀਲੈਂਡ ਖ਼ਿਲਾਫ਼ ਅਗਾਮੀ ਘਰੇਲੂ ਲੜੀ ਤੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੇਗਾ। ਬੀਸੀਸੀਆਈ ਨੇ 26 ਅਕਤੂਬਰ ਨੂੰ ਇਸ ਅਹੁਦੇ ਲਈ ਅਰਜ਼ੀ ਮੰਗਾਈ ਸੀ। ਮੌਜੂਦਾ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਆਈਸੀਸੀ ਟੀ20 ਵਿਸ਼ਵ ਕੱਪ ਤੋਂ ਬਾਅਦ ਖ਼ਤਮ ਹੋ ਰਿਹਾ ਹੈ।

You must be logged in to post a comment Login