ਰੂਪਨਗਰ: ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ 6 ਮਜ਼ਦੂਰ ਮਲਬੇ ਹੇਠ ਦਬੇ

ਰੂਪਨਗਰ, 18 ਅਪਰੈਲ- ਅੱਜ ਇੱਥੇ ਰੂਪਨਗਰ ਦੀ ਪ੍ਰੀਤ ਕਲੋਨੀ ਵਿਖੇ ਜੈੱਕਾਂ ਦੀ ਮੱਦਦ ਨਾਲ ਪੁਰਾਣੇ ਮਕਾਨ ਦਾ ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਮਜ਼ਦੂਰ ਮਲਬੇ ਹੇਠ ਦੱਬ ਗਏ। ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਆਂਢੀ ਸੂਬੇ ਹਰਿਆਣਾ ਦੇ ਠੇਕੇਦਾਰ ਵੱਲੋਂ ਮਜ਼ਦੂਰਾਂ ਦੀ ਮਦਦ ਨਾਲ ਪੁਰਾਣੇ ਮਕਾਨ ਦੇ ਲੈਂਟਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਸੀ ਅਤੇ ਮਕਾਨ ਨੂੰ ਉੱਚਾ ਚੁੱਕੇ ਜਾਣ ਦਾ ਕੰਮ ਆਖਰੀ ਪੜਾਅ ਤੇ ਸੀ, ਜਿਸ ਦੌਰਾਨ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਤੇ ਲਗਪਗ ਅੱਧੀ ਦਰਜਨ ਮਜ਼ਦੂਰ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਮਕਾਨ ਦੇ ਮਲਬੇ ਹੇਠ ਫਸੇ ਮਜ਼ਦੂਰਾਂ ਵਿੱਚ ਰਮੇਸ਼, ਕਾਕਾ, ਅਭਿਸ਼ੇਕ, ਸਾਹਿਲ ਅਤੇ ਇੱਕ ਹੋਰ ਮਜ਼ਦੂਰ ਤੋਂ ਇਲਾਵਾ 40 ਸਾਲਾ ਫੋਰਮੈਨ ਵੀ ਸ਼ਾਮਲ ਹਨ। ਫੋਰਮੈਨ ਤੋਂ ਇਲਾਵਾ ਬਾਕੀ ਸਾਰੇ ਮਜ਼ਦੂਰਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਰਾਹਤ ਟੀਮਾਂ ਵੱਲੋਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤੇਜ਼ੀ ਨਾਲ ਰਾਹਤ ਕਾਰਜ ਕੀਤੇ ਜਾ ਰਹੇ ਹਨ।

You must be logged in to post a comment Login