ਰੂਸ ਦੀ ਜੇਲ੍ਹ ਵਿੱਚ ਜੂਨ ਤੱਕ ਰਹੇਗਾ ਅਮਰੀਕੀ ਪੱਤਰਕਾਰ

ਰੂਸ ਦੀ ਜੇਲ੍ਹ ਵਿੱਚ ਜੂਨ ਤੱਕ ਰਹੇਗਾ ਅਮਰੀਕੀ ਪੱਤਰਕਾਰ

ਮਾਸਕੋ, 27 ਮਾਰਚ- ਮਾਸਕੋ ਦੀ ਅਦਾਲਤ ਨੇ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ‘ਵਾਲ ਸਟਰੀਟ ਜਨਰਲ’ ਅਖਬਾਰ ਦੇ ਪੱਤਰਕਾਰ ਇਵਾਨ ਗੇਰਸ਼ਕੋਵਿਚ ਨੂੰ ਰਾਹਤ ਨਹੀਂ ਦਿੱਤੀ। ਉਹ ਘੱਟੋ ਘੱਟ ਜੂਨ ਮਹੀਨੇ ਤੱਕ ਜੇਲ੍ਹ ਵਿੱਚ ਬੰਦ ਰਹੇਗਾ। ਅਦਾਲਤ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ 32 ਸਾਲਾ ਨਾਗਰਿਕ ਨੂੰ ਰਿਪੋਰਟਿੰਗ ਦੌਰਾਨ ਪਿਛਲੇ ਸਾਲ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਲਗਪਗ ਇੱਕ ਸਾਲ ਤੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਉਸ ਦੀ ਗ੍ਰਿਫ਼ਤਾਰੀ ਹੁਣ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਹਾਲਾਂਕਿ, ਗੇਰਸ਼ਕੋਵਿਚ ਅਤੇ ਉਸ ਦੇ ਅਖ਼ਬਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਅਮਰੀਕੀ ਸਰਕਾਰ ਨੇ ਵੀ ਉਸ ਨੂੰ ਗ਼ਲਤ ਢੰਗ ਨਾਲ ਹਿਰਾਸਤ ਵਿੱਚ ਲੈਣਾ ਕਰਾਰ ਦਿੱਤਾ ਹੈ। ਯੇਕਤੇਰਿਨਬਰਗ ਸ਼ਹਿਰ ਵਿੱਚ ਉਸ ਦੀ ਗ੍ਰਿਫ਼ਤਾਰੀ ਕਾਰਨ ਰੂਸ ਵਿੱਚ ਪੱਤਰਕਾਰ ਪ੍ਰੇਸ਼ਾਨ ਹਨ। ਅਧਿਕਾਰੀਆਂ ਨੇ ਉਸ ’ਤੇ ਲਾਏ ਗਏ ਦੋਸ਼ਾਂ ਸਬੰਧੀ ਸਬੂਤਾਂ ਬਾਰੇ ਵੇਰਵੇ ਨਹੀਂ ਦਿੱਤੇ ਹਨ। ਗੇਰਸ਼ਕੋਵਿਚ ਨੂੰ ਮਾਸਕੋ ਦੀ ਲੈਫੋਰਤੋਵੋ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜੋ ਕਾਫ਼ੀ ਬਦਨਾਮ ਹੈ।

You must be logged in to post a comment Login