ਰੂਸ-ਯੂਕਰੇਨ ਜੰਗ ਅਤੇ ਗਲੋਬਲ ਮੀਡੀਆ

ਰੂਸ-ਯੂਕਰੇਨ ਜੰਗ ਅਤੇ ਗਲੋਬਲ ਮੀਡੀਆ
ਪ੍ਰੋ. ਕੁਲਬੀਰ ਸਿੰਘ
Mob. : 9417153513

ਰੂਸ-ਯੂਕਰੇਨ ਜੰਗ ਨੂੰ ਵੱਖ-ਵੱਖ ਮੁਲਕਾਂ ਦਾ ਮੀਡੀਆ ਆਪੋ-ਆਪਣੇ ਢੰਗ ਨਾਲ, ਆਪੋ-ਆਪਣੇ ਨਜ਼ਰੀਏ ਤੋਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰ ਰਿਹਾ ਹੈ। ਰੂਸ, ਯੂਕਰੇਨ, ਅਮਰੀਕਾ, ਯੂਰਪ, ਭਾਰਤ ਅਤੇ ਪੱਛਮੀ ਮੁਲਕਾਂ ਦੀ ਮੀਡੀਆ ਕਵਰੇਜ ਵੇਖ ਕੇ ਪਾਠਕ ਦਰਸ਼ਕ ਭੰਬਲਭੂਸੇ ਵਿਚ ਪੈ ਜਾਂਦਾ ਹੈ। ਕਿਸਦਾ ਪੱਖ, ਕਿਸਦੀ ਕਵਰੇਜ਼ ਸਹੀ ਹੈ, ਕਿਸਦੀ ਉਲਾਰ ਅਤੇ ਕਿਸਦੀ ਗ਼ਲਤ ਹੈ। ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਇਸ ਜੰਗ ਦਾ, ਇਨ੍ਹਾਂ ਹਮਲਿਆਂ ਦਾ ਵਿਰੋਧ ਹੋ ਰਿਹਾ ਪਰੰਤੂ ਭਾਰਤੀ ਮੀਡੀਆ ਉਸਦਾ ਜ਼ਿਕਰ ਨਹੀਂ ਕਰ ਰਿਹਾ। ਰੂਸ ਦੇ ਮੀਡੀਆ ਨੂੰ ਸਖ਼ਤ ਪਾਬੰਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਰੂਸ ਦੇ, ਯੂਕਰੇਨ ਦੇ ਅੰਦਰ ਕੀ ਹੋ ਰਿਹਾ ਉਹ ਵਿਖਾਉਣ ਦੀ ਜਗ੍ਹਾ ਪੁਤਿਨ ਸਰਕਾਰ ਜੋ ਚਾਹੁੰਦੀ ਹੈ ਉਹ ਵਿਖਾਇਆ ਜਾ ਰਿਹਾ। ਅਧੂਰੀ ਤੇ ਗ਼ੈਰ-ਭਰੋਸੇਮੰਦ ਜਾਣਕਾਰੀ ਦਿੱਤੀ ਜਾ ਰਹੀ ਹੈ। ਰੂਸ ਦਾ ਮੀਡੀਆ ਇਸਨੂੰ ਜੰਗ ਨਹੀਂ, ˈਮਿਲਟਰੀ ਆਪਰੇਸ਼ਨˈ ਕਹਿ ਰਿਹਾ। ਵਧੇਰੇ ਕਰਕੇ ਪੁਤਿਨ ਅਤੇ ਹੋਰ ਸਰਕਾਰੀ ਅਧਿਕਾਰੀਆਂ ਦੇ ਬਿਆਨ ਪ੍ਰਸਾਰਿਤ ਤੇ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਰੂਸ ਦਾ ਸਰਕਾਰੀ ਮੀਡੀਆ ਰੂਸੀ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ। ਇਸੇ ਲਈ ਰੂਸ ਨੇ ਫੇਸਬੁੱਕ ਅਤੇ ਟਵਿੱਟਰ ਆਦਿ ʼਤੇ ਪਾਬੰਦੀ ਲਾ ਦਿੱਤੀ ਹੈ। ਬੀ.ਬੀ.ਸੀ. ਦਾ ਪ੍ਰਸਾਰਨ ਵੀ ਰੋਕ ਦਿੱਤਾ ਗਿਆ ਹੈ। ਵਲਾਦੀਮੀਰ ਪੁਤਿਨ ਨੇ ਉਨ੍ਹਾਂ ਮੀਡੀਆ ਅਦਾਰਿਆਂ ਅਤੇ ਵਿਅਕਤੀਆਂ ਵਿਰੁੱਧ ਕਾਰਵਾਈ ਆਰੰਭ ਕਰ ਦਿੱਤੀ ਹੈ ਜੋ ਯੂਕਰੇਨ ਜੰਗ ਬਾਰੇ ਉਨ੍ਹਾਂ ਦੇ ਅਨੁਸਾਰ ਖ਼ਬਰਾਂ ਨਹੀਂ ਪੇਸ਼ ਕਰ ਰਹੇ। ਵਾਇਸ ਆਫ਼ ਅਮੈਰਿਕਾ, ਰੇਡੀਓ ਫ੍ਰੀ ਯੂਰਪ, ਰੇਡੀਓ ਲਿਬਰਟੀ, ਡਿਊਸ਼ ਵੈਲੇ ਦਾ ਪ੍ਰਸਾਰਨ ਬੰਦ ਕਰ ਦਿੱਤਾ ਗਿਆ ਹੈ। ਜਿਹੜਾ ਵਿਦੇਸ਼ੀ ਮੀਡੀਆ ਰੂਸੀ ਭਾਸ਼ਾ ਵਿਚ ਪ੍ਰਸਾਰਨ ਕਰਦਾ ਹੈ ਉਸਤੇ ਵਧੇਰੇ ਸਖ਼ਤੀ ਕੀਤੀ ਜਾ ਰਹੀ ਹੈ। ਕਿਉਂਕਿ ਰੂਸ ਨੂੰ ਸਥਾਨਕ ਪੱਧਰ ʼਤੇ ਹੋ ਰਹੇ ਵਿਰੋਧ ਦੇ ਵਧਣ ਦਾ ਡਰ ਵੀ ਸਤਾ ਰਿਹਾ ਹੈ। ਬੀ.ਬੀ.ਸੀ. ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਯੂਕਰੇਨ-ਰੂਸ ਜੰਗ ਦੌਰਾਨ ਰੂਸ ਵਿਚ ਬੀ.ਬੀ.ਸੀ. ਦਾ ਪ੍ਰਸਾਰਨ ਵੇਖਣ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ। ਇਸੇ ਲਈ ਰੂਸ ਵੱਲੋਂ ਪਾਬੰਦੀ ਲਾਈ ਗਈ ਹੈ। ਰੂਸੀ ਮੀਡੀਆ ਉਹੀ ਜਾਣਕਾਰੀ ਤੇ ਡਾਟਾ ਪ੍ਰਸਾਰਿਤ ਤੇ ਪ੍ਰਕਾਸ਼ਿਤ ਕਰ ਰਿਹਾ ਹੈ ਜਿਹੜਾ ਅਧਿਕਾਰਤ ਰਸ਼ੀਅਨ ਸਰੋਤਾਂ ਤੋਂ ਪ੍ਰਾਪਤ ਹੋ ਰਿਹਾ ਹੈ। ਰੂਸ ਦਾ ਮੀਡੀਆ ਯੂਕਰੇਨ ʼਤੇ ਹੋ ਰਹੇ ਹਮਲਿਆਂ ਨੂੰ ਬਹੁਤ ਘਟਾ ਕੇ ਪੇਸ਼ ਕਰ ਰਿਹਾ। ਯੂਕਰੇਨ ਵਿਖੇ ਜ਼ਮੀਨੀ ਹਕੀਕਤ ਨੂੰ ਤੋੜ ਮਰੋੜ ਕੇ ਵਿਖਾਇਆ ਜਾ ਰਿਹਾ।

ਓਧਰ ਯੂਕਰੇਨ ਦਾ ਮੀਡੀਆ ਸੁਪਰ ਪਾਵਰ ਰੂਸ ਦੇ ਖੋਖਲੇਪਨ ਨੂੰ ਉਭਾਰ ਰਿਹਾ ਹੈ ਅਤੇ ਵਾਰ-ਵਾਰ ਕਹਿ ਰਿਹਾ ਹੈ ˈਯੂਕਰੇਨ ਵਾਲੇ ਹਾਰਨਗੇ ਜਾਂ ਜਿੱਤਣਗੇ ਜਾਂ ਮਰਨਗੇ, ਮੈਦਾਨ ਨਹੀਂ ਛੱਡਣਗੇˈ। ਉਹ ਲਗਾਤਾਰ ਰੂਸ ਦੀਆਂ ਫੌਜਾਂ ਨੂੰ ਯੂਕਰੇਨ ਦੀਆਂ ਫੌਜਾਂ ਵੱਲੋਂ ਪਹੁੰਚਾਏ ਜਾ ਰਹੇ ਵੱਡੇ ਨੁਕਸਾਨ ਨੂੰ ਉਭਾਰ ਕੇ ਪੇਸ਼ ਕਰ ਰਿਹਾ ਹੈ। ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੇ ਮੀਡੀਆ ਦੀ ਸੁਰ ਸਾਰਿਆਂ ਤੋਂ ਵੱਖਰੀ ਹੈ। ਉਹ ਇਸ ਜੰਗ ਕਾਰਨ ਰੂਸ ਨੂੰ ਹੋ ਰਹੇ ਤਰ੍ਹਾਂ-ਤਰ੍ਹਾਂ ਦੇ ਨੁਕਸਾਨ ʼਤੇ ਕੇਂਦਰਿਤ ਕਰ ਰਿਹਾ ਹੈ। ਉਸਦੀਆਂ ਸੁਰਖੀਆਂ ਹੁੰਦੀਆਂ ਹਨ ˈਰੂਸ ਆਰਥਿਕ ਤੌਰ ʼਤੇ ਤਬਾਹ ਹੋ ਚੁੱਕਾˈ, ਰੂਸ ਦੁਨੀਆਂ ਨਾਲੋਂ ਅਲੱਗ-ਥਲੱਗ ਪੈ ਗਿਆ, ਰੂਸੀ ਕਰੰਸੀ ਰੂਬਲ ਹੋਰ ਕਮਜ਼ੋਰ ਹੋਈ। ਬਹੁਤੇ ਭਾਰਤੀ ਚੈਨਲ ਰੂਸ-ਯੂਕਰੇਨ ਜੰਗ ਨੂੰ ਟੀ.ਆਰ.ਪੀ. ਵਧਾਉਣ ਲਈ ਆਪਣੇ ਢੰਗ ਨਾਲ ਵਿਖਾ ਰਹੇ ਹਨ। ਕੁਝ ਚੈਨਲ ਸਾਰਾ ਦਿਨ ਇਵੇਂ ਵਿਖਾਉਂਦੇ ਰਹਿੰਦੇ ਹਨ ਜਿਵੇਂ ਕੋਈ ਤਮਾਸ਼ਾ ਹੋ ਰਿਹਾ ਹੋਵੇ ਜਾਂ ਜੰਗ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੋਵੇ।

ਯੂਕਰੇਨ ਖੰਡਰ ਬਣ ਰਿਹਾ ਪਰ ਰੂਸ-ਯੂਕਰੇਨ ਦੋਵੇਂ ਖੁਦ ਨੂੰ ਜ਼ਾਬਾਜ਼ ਸਿੱਧ ਕਰ ਰਹੇ ਹਨ। ਦੋ ਨੇਤਾਵਾਂ ਦੀ ਈਗੋ ਨੇ ਕਰੋੜਾਂ ਲੋਕਾਂ ਦਾ ਜੀਵਨ ਬਰਬਾਦ ਕਰ ਦਿੱਤਾ, ਲੱਖਾਂ ਨੂੰ ਘਰੋਂ ਬੇਘਰ ਕਰ ਮਾਰਿਆ। ਦੁਨੀਆਂ ਦੇ ਬਹੁਤੇ ਮੁਲਕਾਂ ਦੀਆਂ ਵੱਡੀਆਂ ਅਖਬਾਰਾਂ ਰੂਸ-ਯੂਕਰੇਨ ਜੰਗ ਨੂੰ ਲਗਾਤਾਰ ਮੁਖ ਪੰਨੇ ʼਤੇ ਮੁਖ ਸੁਰਖ਼ੀ ਵਜੋਂ ਕਵਰ ਕਰ ਰਹੀਆਂ ਹਨ। ਅਮਰੀਕਾ ਦੀ ˈਵਾਲ ਸਟਰੀਟ ਜਰਨਲˈ ਅਤੇ ˈਵਸ਼ਿੰਗਟਨ ਸਟਰੀਟˈ ਮੁੱਖ ਪੰਨੇ ʼਤੇ ਵੱਡੀਆਂ ਸੁਰਖੀਆਂ ਦੇ ਰਹੀਆਂ ਹਨ। ਜੰਗ ਪ੍ਰਤੀ ਕਿਸੇ ਮੁਲਕ ਦਾ ਕੀ ਨਜ਼ਰੀਆ ਹੈ, ਉਸੇ ਦ੍ਰਿਸ਼ਟੀਕੋਣ ਤੋਂ ਉਸ ਮੁਲਕ ਦਾ ਮੀਡੀਆ ਜੰਗ ਦੀ ਕਵਰੇਜ ਕਰ ਰਿਹਾ ਹੈ। ਭਾਰਤ ਸਥਿਤ ਰੂਸੀ ਦੂਤਾਵਾਸ ਨੇ ਭਾਰਤੀ ਮੀਡੀਆ ਨੂੰ ਨਸੀਹਤ ਦਿੱਤੀ ਹੈ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਵੇ। ਇਹ ਵੀ ਕਿਹਾ ਕਿ ਰੂਸ ਨੇ ਜੰਗ ਨਹੀਂ ਛੇੜੀ ਹੈ ਅਤੇ ਸਮਝੌਤੇ ਲਈ ਲਗਾਤਾਰ ਯਤਨ ਜਾਰੀ ਹਨ। ਓਧਰ ਪੱਛਮੀ ਦੇਸ਼ ਭਾਰਤ ʼਤੇ ਦਬਾਅ ਬਣਾ ਰਹੇ ਹਨ ਕਿ ਭਾਰਤ ਸਰਕਾਰ ਅਤੇ ਭਾਰਤੀ ਮੀਡੀਆ ਰੂਸ ਦੇ ਹਮਲਿਆਂ ਦੀ ਨਿੰਦਾ ਕਰੇ। ਇਹ ਵੀ ਪਤਾ ਲੱਗਾ ਹੈ ਕਿ ਰੂਸੀ ਮੀਡੀਆ ਇਸ ਜੰਗ ਲਈ ਕਈ ਸਾਲਾਂ ਤੋਂ ਜ਼ਮੀਨ ਤਿਆਰ ਕਰ ਰਿਹਾ ਸੀ। ਇਕ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਸ਼ੋਸ਼ਲ ਮੀਡੀਆ ਦੇ ਇਸ ਯੁਗ ਵਿਚ ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਪਾਬੰਦੀਆਂ ਲਾ ਲਵੇ, ਜੰਗ ਦੀ ਅਸਲੀਅਤ ਨੂੰ ਛੁਪਾਇਆ ਨਹੀਂ ਜਾ ਸਕਦਾ। ਉਹ ਵੀ ਉਸ ਹਾਲਤ ਵਿਚ ਜਦ ਵੱਡੀਆਂ ਸ਼ੋਸ਼ਲ ਮੀਡੀਆ ਕੰਪਨੀਆਂ ʼਤੇ ਅਮਰੀਕਾ ਦਾ ਕਬਜ਼ਾ ਹੈ। ਇਕ ਜੰਗ ਯੂਕਰੇਨ ਦੀ ਧਰਤੀ ʼਤੇ ਲੜੀ ਜਾ ਰਹੀ ਹੈ, ਦੂਸਰੀ ਸੂਚਨਾ ਪ੍ਰਸਾਰ ਲਈ ਦੁਨੀਆਂ ਦਾ ਮੀਡੀਆ ਲੜ ਰਿਹਾ ਹੈ। ਅਮਰੀਕੀ ਸ਼ੋਸ਼ਲ ਮੀਡੀਆ ਕੰਪਨੀਆਂ ਨੇ ਰੂਸ ਸਮਰਥਕ ਚੈਨਲਾਂ ਅਤੇ ਅਖ਼ਬਾਰਾਂ ʼਤੇ ਰੋਕ ਲਗਾ ਦਿਤੀ ਹੈ। ਗੂਗਲ ਨੇ ਰਸ਼ੀਅਨ ਟੂਡੇ ਨਿਊਜ਼ ਅਤੇ ਸਪੂਤਨਿਕ ਜਿਹੇ ਐਪ ਗੂਗਲ ਪਲੇਅ ਸਟੋਰ ਤੋਂ ਹਟਾ ਦਿਤੇ ਹਨ। ਯੂ ਟਿਊਬ ਪਹਿਲਾਂ ਹੀ ਇਨ੍ਹਾਂ ʼਤੇ ਪਾਬੰਦੀ ਲਾ ਚੁੱਕਾ ਹੈ। ਇਸੇ ਤਰ੍ਹਾਂ ਅਮਰੀਕੀ ਕੰਪਨੀ ਐਪਨ ਨੇ ਵੀ ਆਪਣੇ ਐਪ ਸਟੋਰ ʼਚ ਰੂਸੀ ਚੈਨਲ ਰੋਕ ਦਿਤੇ ਹਨ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਇਹ ਸਾਰੇ ਚੈਨਲ ਜੰਗ ਸਬੰਧੀ ਗਲਤ ਜਾਣਕਾਰੀ ਪ੍ਰਸਾਰਿਤ ਕਰ ਰਹੇ ਹਨ। ਗੂਗਲ ਐਪਸ ਦੇ ਲਾਈਵ ਫੀਚਰ ਨੂੰ ਯੂਕਰੇਨ ਵਿਚ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਰੂਸੀ ਫੌਜ ਉਸਦਾ ਲਾਭ ਨਾ ਲੈ ਸਕੇ। ਸ਼ੋਸ਼ਲ ਮੀਡੀਆ ਪੂਰੀ ਤਰ੍ਹਾਂ ਐਕਸ਼ਨ ਵਿਚ ਹੈ। ਜਿਸ ਜਾਣਕਾਰੀ ਨੂੰ ਜਿੱਥੇ ਰੋਕਣਾ ਚਾਹੁੰਦਾ ਹੈ ਉਸਨੂੰ ਰੋਕਣ ਲਈ ਨਵੇਂ ਉਪਕਰਨ ਵਿਕਸਤ ਕੀਤੇ ਜਾ ਰਹੇ ਹਨ। ਯੂਰਪੀਅਨ ਯੂਨੀਅਨ ਇਸ ਪੱਖੋਂ ਪੂਰੀ ਸਰਗਰਮ ਹੈ। ਉਸਨੇ ਯੂਕਰੇਨ ਵਿਚ ਰਹਿ ਰਹੇ ਬਹੁਤ ਸਾਰੇ ਲੋਕਾਂ ਦੇ ਸ਼ੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿਤੇ ਹਨ ਜਿਹੜੇ ਪੱਤਰਕਾਰ ਦੇ ਰੂਪ ਵਿਚ ਜੰਗ ਸਬੰਧੀ ਜਾਣਕਾਰੀ ਪ੍ਰਸਾਰਿਤ ਕਰ ਰਹੇ ਸਨ।ਰੂਸ-ਯੂਕਰੇਨ ਜੰਗ ਦੌਰਾਨ ਕਿਹੜੀ ਸੂਚਨਾ ਸਹੀ ਹੈ ਅਤੇ ਕਿਹੜੀ ਗ਼ਲਤ ਹੈ, ਇਸਦਾ ਨਿਰਣਾ ਕਰਨਾ ਮੁਸ਼ਕਲ ਹੋ ਗਿਆ ਹੈ। ਚੀਨੀ ਸ਼ੋਸ਼ਲ ਮੀਡੀਆ (ਵੀਬੋ ਅਤੇ ਟਿਕਟਾਕ) ਰੂਸ ਦੇ ਪੱਖ ਵਿਚ ਪ੍ਰਚਾਰ ਕਰ ਰਹੀਆਂ ਹਨ। ਇਕ ਜੰਗ ਜ਼ਮੀਨ ʼਤੇ ਲੜੀ ਜਾ ਰਹੀ, ਦੂਸਰੀ ਮੀਡੀਆ ਰਾਹੀਂ।

 

 

 

 

You must be logged in to post a comment Login