ਲਖੀਮਪੁਰ ਖੀਰੀ ਹਿੰਸਾ: ਜਸਟਿਸ ਰਕੇਸ਼ ਕੁਮਾਰ ਜੈਨ ਕਰਨਗੇ ‘ਸਿਟ ਜਾਂਚ’ ਦੀ ਨਿਗਰਾਨੀ

ਲਖੀਮਪੁਰ ਖੀਰੀ ਹਿੰਸਾ: ਜਸਟਿਸ ਰਕੇਸ਼ ਕੁਮਾਰ ਜੈਨ ਕਰਨਗੇ ‘ਸਿਟ ਜਾਂਚ’ ਦੀ ਨਿਗਰਾਨੀ

ਨਵੀਂ ਦਿੱਲੀ, 17 ਨਵੰਬਰ : ਸੁਪਰੀਮ ਕੋੋਰਟ ਨੇ ਬੁੱਧਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੀ ‘ਸਿਟ’ (ਐੱਸਆਈਟੀ) ਵੱਲੋਂ ਕੀਤੀ ਜਾ ਰਹੀ ਜਾਂਚ ਦੀ ਹਰ ਦਿਨ ਦੀ ਨਿਗਰਾਨੀ ਲਈ ਜਸਟਿਸ ਰਾਕੇਸ਼ ਕੁਮਾਰ ਜੈਨ ਨੂੰ ਨਿਯੁਕਤ ਕੀਤਾ ਹੈ। ਜੈਨ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਹਨ। ਲਖੀਮਪੁਰ ਖੀਰੀ ਵਿੱਚ ਲੰਘੇ ਮਹੀਨੇ ਤਿੰਨ ਅਕਤੂਬਰ ਨੂੰ ਵਾਪਰੀ ਹਿੰਸਕ ਘਟਨਾ ਵਿੱਚ 4 ਕਿਸਾਨਾਂ ਸਣੇ ਅੱਠ ਜਣੇ ਮਾਰੇ ਗਏ ਸਨ। ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਅਤੇ ਜਸਟਿਸ ਸੂਰਿਆਕਾਂਤ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਈਪੀਐਸ ਅਧਿਕਾਰੀਆਂ ਦੇ ਨਾਵਾਂ ਦਾ ਵੀ ਨੋਟਿਸ ਲਿਆ ਅਤੇ ਤਿੰਨ ਅਧਿਕਾਰੀਆਂ ਨੂੰ ਰਾਜ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨਾਲ ਨਿਯੁਕਤ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਿਟ ਵੱਲੋਂ ਆਪਣੀ ਜਾਂਚ ਪੂਰੀ ਕਰਨ ਅਤੇ ਕੇਸ ਵਿੱਚ ਸਥਿਤੀ ਰਿਪੋਰਟ ਅਤੇ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ ਬਾਅਦ ਕੇਸ ਦੀ ਦੁਬਾਰਾ ਸੁਣਵਾਈ ਕਰੇਗੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ 15 ਨਵੰਬਰ ਨੂੰ ਸੂਬੇ ਦੀ ‘ਸਿਟ’  ਦੀ ਜਾਂਚ ਦੀ ਨਿਗਰਾਨੀ ਲਈ ਸਾਬਕਾ ਜੱਜ ਨੂੰ ਨਿਯੁਕਤ ਕਰਨ ਸਬੰਧੀ ਸੁਪਰੀਮ ਕੋਰਟ ਦੇ ਉਕਤ ਸੁਝਾਅ ’ਤੇ ਸਹਿਮਤੀ ਜਤਾਈ ਸੀ।

You must be logged in to post a comment Login