ਲਾਪਤਾ ਜਹਾਜ਼ ਦੇ 13 ਮੈਂਬਰਾਂ ‘ਚ ਸਮਾਣਾ ਦਾ ਫ਼ੌਜੀ ਜਵਾਨ ਮੋਹਿਤ ਗਰਗ ਵੀ ਸ਼ਾਮਲ

ਲਾਪਤਾ ਜਹਾਜ਼ ਦੇ 13 ਮੈਂਬਰਾਂ ‘ਚ ਸਮਾਣਾ ਦਾ ਫ਼ੌਜੀ ਜਵਾਨ ਮੋਹਿਤ ਗਰਗ ਵੀ ਸ਼ਾਮਲ

ਪਟਿਆਲਾ : ਭਾਰਤੀ ਹਵਾਈ ਫ਼ੌਜ ਦਾ ਇੱਕ ਜਹਾਜ਼ ਏਐੱਨ–32, ਜਿਸ ਵਿੱਚ 13 ਜਣੇ ਸਵਾਰ ਹਨ, ਹਾਲੇ ਤੱਕ ਲਾਪਤਾ ਹੈ। ਸੀ–130ਜੇ ਅਤੇ ਥਲ ਸੈਨਾ ਦੀਆਂ ਗਸ਼ਤੀ ਟੁਕੜੀਆਂ ਵੱਡੇ ਪੱਧਰ ਉੱਤੇ ਉਸ ਦੀ ਭਾਲ਼ ਵਿੱਚ ਲੱਗੀਆਂ ਹੋਈਆਂ ਹਨ। ਇਸ ਹਵਾਈ ਜਹਾਜ਼ ਨੇ ਆਸਾਮ ਤੋਂ ਉਡਾਣ ਭਰੀ ਸੀ ਤੇ ਇਹ ਅਰੁਣਾਚਲ ਪ੍ਰਦੇਸ਼ ’ਚ ਕਿਤੇ ਲਾਪਤਾ ਹੋ ਗਿਆ ਸੀ। ਇਸ ਬਾਰੇ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਜਹਾਜ਼ ਵਿੱਚ ਸਵਾਰ 13 ਲੋਕਾਂ ਵਿੱਚ ਸ਼ਾਮਲ 27 ਸਾਲਾ ਫਲਾਇੰਗ ਲੈਫ਼ਟੀਨੈਂਟ ਮੋਹਿਤ ਗਰਗ ਸੂਬੇ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਸ਼ਹਿਰ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰਕ ਜੀਅ ਜਿਨ੍ਹਾਂ ਵਿੱਚ ਉਸ ਦੇ ਪਿਤਾ ਸੁਰਿੰਦਰ ਗਰਗ ਅਤੇ ਅੰਕਲ ਰਿਸ਼ੀ ਗਰਗ ਸ਼ਾਮਲ ਹਨ ਛੇਤੀ ਹੀ ਆਸਾਮ ਲਈ ਰਵਾਨਾ ਹੋਣਗੇ ਤਾਂ ਜੋ ਹਵਾਈ ਫੌਜ ਅਥਾਰਟੀ ਤੋਂ ਘਟਨਾ ਦੀ ਅਗਲੇਰੀ ਜਾਣਕਾਰੀ ਲੈ ਸਕਣ। ਉਸ ਦੇ ਭਰਾ ਅਸ਼ਵਨੀ ਗਰਗ ਨੇ ਦੱਸਿਆ ਕਿ ਪਰਿਵਾਰਕ ਜੀਅ ਪ੍ਰਾਰਥਨਾ ਕਰ ਰਹੇ ਹਨ ਕਿ ਮੋਹਿਤ ਗਰਗ ਸੁਰੱਖਿਅਤ ਘਰ ਵਾਪਸ ਆਵੇ। ਦੱਸਣਯੋਗ ਹੈ ਕਿ ਮੋਹਿਤ ਗਰਗ ਦਾ ਵਿਆਹ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ ਅਤੇ ਉਹ ਬੈਂਕ ਵਿੱਚ ਨੌਕਰੀ ਕਰਦੀ ਹੈ। ਹਵਾਈ ਫ਼ੌਜ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਫ਼ੌਜ ਤੇ ਹੋਰ ਸਥਾਨਕ ਏਜੰਸੀਆਂ ਨਾਲ ਮਿਲ ਕੇ ਸਾਰੀ ਰਾਤ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫ਼ੌਜ ਦੇ ਉੱਪ–ਮੁਖੀ ਨਾਲ ਗੱਲਬਾਤ ਕਰ ਕੇ ਖੋਜ ਮੁਹਿੰਮ ਬਾਰੇ ਜਾਣਕਾਰੀ ਲਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਵਾਈ ਜਹਾਜ਼ ਦਾ ਪਤਾ ਲਾਉਣ ਲਈ ਭਾਰਤੀ ਹਵਾਈ ਫ਼ੌਜ ਦੇ ਸਾਰੇ ਉਪਲਬਧ ਵਸੀਲੇ ਕੰਮ ਵਿੱਚ ਲਾ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੇਚੂਕਾ ਐਡਵਾਂਸਡ ਲੈਂਡਿੰਗ ਗ੍ਰਾਊਂਡ ਚੀਨ ਦੀ ਸਰਹੱਦ ਤੋਂ ਜ਼ਿਆਦਾ ਦੂਰ ਨਹੀਂ ਹੈ।

You must be logged in to post a comment Login