ਲਾਲ ਕਿਲੇ ਨੇੜੇ ਕਾਰ ਧਮਾਕਾ; ਮਰਨ ਵਾਲਿਆਂ ਦੀ ਗਿਣਤੀ ਵਧ ਕੇ 12 ਹੋਈ

ਲਾਲ ਕਿਲੇ ਨੇੜੇ ਕਾਰ ਧਮਾਕਾ; ਮਰਨ ਵਾਲਿਆਂ ਦੀ ਗਿਣਤੀ ਵਧ ਕੇ 12 ਹੋਈ

ਨਵੀਂ ਦਿੱਲੀ, 11 ਨਵੰਬਰ : ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਅੱਜ ਸ਼ਾਮ ਇੱਕ ਕਾਰ ’ਚ ਹੋਏ ਭਿਆਨਕ ਧਮਾਕੇ ’ਚ ਘੱਟ ਤੋਂ ਘੱਟ 12 ਜਣੇ ਮਾਰੇ ਗਏ ਤੇ 24 ਜ਼ਖ਼ਮੀ ਹੋ ਗਏ। ਧਮਾਕੇ ਕਾਰਨ ਕਈ ਵਾਹਨ ਵੀ ਸੜ ਗਏ ਸਨ। ਜਿਸ ਸਮੇਂ ਧਮਾਕਾ ਹੋਇਆ ਤਾਂ ਇਸ ਇਲਾਕੇ ’ਚ ਵੱਡੀ ਭੀੜ ਸੀ। ਜ਼ਖ਼ਮੀਆਂ ਨੂੰ ਤੁਰੰਤ ਐੱਲ ਐੱਨ ਜੇ ਪੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਦਿੱਲੀ ਪੁਲੀਸ ਦੇ ਕਮਿਸ਼ਨਰ ਸਤੀਸ਼ ਗੋਲਚਾ ਨੇ ਦੱਸਿਆ ਕਿ ਧਮਾਕਾ ਹੌਲੀ-ਹੌਲੀ ਚੱਲ ਰਹੀ ਹੁੰਦਈ ਆਈ-20 ਕਾਰ ’ਚ ਹੋਇਆ ਜਿਸ ’ਚ ਤਿੰਨ ਵਿਅਕਤੀ ਬੈਠੇ ਹੋਏ ਹਨ। ਜ਼ਖ਼ਮੀਆਂ ਦੇ ਸਰੀਰ ’ਚੋਂ ਕੋਈ ਛੱਰਾ ਨਹੀਂ ਮਿਲਿਆ ਜੋ ਕਿ ਬੰਬ ਧਮਾਕੇ ’ਚ ਆਮ ਗੱਲ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਕਾਰ ਹਰਿਆਣਾ ਨੰਬਰ ਦੀ ਸੀ ਤੇ ਨਦੀਮ ਖਾਨ ਨਾਂ ’ਤੇ ਰਜਿਸਟਰਡ ਸੀ। ਚਾਂਦਨੀ ਚੌਕ ਟਰੇਡਰਜ਼ ਐਸੋਸੀਏਸ਼ਨ ਨੇ ਘਟਨਾ ਦੀ ਵੀਡੀਓ ਸਾਂਝੀ ਕੀਤੀ ਹੈ। ਧਮਾਕੇ ਮਗਰੋਂ ਦਿੱਲੀ ’ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਕਿਹਾ ਕਿ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਭੇਜੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 7.29 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਧਮਾਕੇ ਕਾਰਨ ਛੇ ਕਾਰਾਂ, ਦੋ ਈ-ਰਿਕਸ਼ਾ ਤੇ ਇਕ ਆਟੋ ਰਿਕਸ਼ਾ ਸੜ ਕੇ ਸੁਆਹ ਹੋ ਗਏ ਹਨ। ਐੱਨ ਆਈ ਏ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਈ ਮੀਟਰ ਦੂਰ ਤੱਕ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਦੀ ਆਵਾਜ਼ ਕੁਝ ਕਿਲੋਮੀਟਰ ਦੂਰ ਆਈ ਟੀ ਓ ਤੱਕ ਸੁਣੀ ਗਈ। ਦਿੱਲੀ ਫਾਇਰ ਸੇਵਾਵਾਂ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਇਹ ਧਮਾਕਾ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਖੜ੍ਹੀ ਕਾਰ ’ਚ ਹੋਇਆ।’’ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸ਼ਾਹ ਨੇ ਦਿੱਲੀ ਪੁਲੀਸ ਦੇ ਮੁਖੀ ਅਤੇ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ। ਕਾਂਗਰਸ ਨੇ ਘਟਨਾ ਦੀ ਜਾਂਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤ ਬੈਨਰਜੀ ਨੇ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਹੈ। ਬੰਬ ਧਮਾਕੇ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

You must be logged in to post a comment Login