ਲਾਹੌਰ ਵਿਚ ਵਰਲਡ ਪੰਜਾਬੀ ਕਾਨਫ਼ਰੰਸ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰ ਤੇ ਕਾਲਕਾਰ ਸ਼ਾਮਿਲ ਹੋਏ

ਲਾਹੌਰ – ਬੀਤੇ ਦਿਨ ਇੱਥੇ ਪੰਜਾਬੀ ਕਲਚਰ ਦੀ ਚੜ੍ਹਦੀ ਕਲਾ ਵਾਸਤੇ ਕਾਇਮ ਕੀਤੇ ਗਏ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ ਆਰਟ ਐਂਡ ਕਲਚਰ  (ਪਿਲਾਕ) ਵਿਚ ਵਰਲਡ ਪੰਜਾਬੀ ਕਾਨਫ਼ਰੰਸ ਦਾ ਇੰਤਜ਼ਾਮ ਕੀਤਾ ਗਿਆ। ਇਸ ਵਿਚ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿਚ ਚੜ੍ਹਦੇ ਪੰਜਾਬ (ਭਾਰਤੀ ਪੰਜਾਬ), ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ) ਤੇ ਤੀਜੇ ਪੰਜਾਬ (ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਰਹਿਣ ਵਾਲੇ ਪੰਜਾਬੀ) ਤੋਂ ਉਚੇਚੇ ਤੌਰ ‘ਤੇ ਪੁੱਜੇ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਆਪਣੇ ਵਿਚਾਰ ਰੱਖੇ। ਇਸ ਸਮਾਗਮ ਵਿਚ ਦੁਨੀਆਂ ਭਰ ਵਿਚ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਅਤੇ ਖ਼ਾਸ ਕਰ ਕੇ ਪੰਜਾਬੀ ਬੋਲੀ, ਗੁਰਮੁਖੀ, ਸ਼ਾਹਮੁਖੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਕਾਨਫ਼ਰੰਸ ਦੀ ਸਟੇਜ ਦੀ ਸ਼ਾਨ ਵਧਾਉਣ ਵਾਸਤੇ ਡਾ ਹਰਜਿੰਦਰ ਸਿੰਘ ਦਿਲਗੀਰ ਨਾਰਵੇ, ਤ੍ਰਿਵੇਦੀ ਸਿੰਘ (ਯੂ.ਕੇ.), ਦਲਬੀਰ ਸਿੰਘ ਕਥੂਰੀਆ (ਕਨੇਡਾ), ਗੁਰਚਰਨ ਸਿੰਘ ਬਣਵੈਤ (ਕੈਨੇਡਾ), ਕੇਸਰ ਸਿੰਘ ਧਾਲੀਵਾਲ (ਯੂ.ਕੇ.), ਜਰਨੈਲ ਸਿੰਘ (ਕੈਨੇਡਾ) ਆਦਿ ਮੌਜੂਦ ਸਨ। ਕਾਨਫ਼ਰੰਸ ਵਿਚ ਮੀਆਂ ਆਸਿਫ਼, ਮੀਆਂ ਰਸ਼ੀਦ, ਸੁਹੇਲ ਮੁਮੋਕਾ, ਇਰਫ਼ਾਨ ਪੰਜਾਬੀ, ਡਾਕਟਰ ਖ਼ਾਕਾਨ ਹੈਦਰ ਗ਼ਾਜ਼ੀ (ਡਾਇਰੈਕਟਰ ਪਿਲਾਕ), ਪ੍ਰੋ. ਡਾਕਟਰ ਜਮੀਲ ਅਹਿਮਦ ਪਾਲ, ਇਲੀਆਸ ਘੁੰਮਣ, ਪ੍ਰੋ, ਡਾਕਟਰ ਅਕਬਰ ਗ਼ਾਜ਼ੀ, ਕਾਂਜੀ ਰਾਮ (ਚੇਅਰਮੈਨ ਪੰਜਾਬ ਹਿੰਦੂ ਕੌਂਸਲ), ਜ਼ਾਹਿਰ ਭੱਟੀ, ਹੁਸੈਨ ਭੱਟੀ, ਬੀਨਸ਼ ਫ਼ਾਤਿਮਾ (ਡਾਇਰੈਕਟਰ ਜਨਰਲ ਪਿਲਾਕ) ਤੇ ਸ਼ਫ਼ਾਤ ਅਲੀ (ਡਿਪਟੀ ਡਾਇਰੈਕਟਰ ਪਿਲਾਕ) ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਸੇਵਾ ਮੀਆਂ ਆਸਿਫ਼ ਅਤੇ ਯੂਸਫ਼ ਪੰਜਾਬੀ ਨੇ ਬਖ਼ੂਬੀ ਨਿਭਾਈ। ਕਾਨਫ਼ਰੰਸ ਦਾ ਇੰਤਜ਼ਾਮ ‘ਪੰਜਾਬੀ ਮੁਹਾਜ਼’ ਪਾਕਿਸਤਾਨ ਅਤੇ ‘ਵਿਸ਼ਵ ਪੰਜਾਬੀ ਸਭਾ’ ਕੈਨੇਡਾ ਵੱਲੋਂ ਕੀਤਾ ਗਿਆ ਸੀ।

You must be logged in to post a comment Login