ਲੁਧਿਆਣਾ: ਝੁੱਗੀ ’ਚ ਅੱਗ ਲੱਗਣ ਕਾਰਨ ਪਰਿਵਾਰ ਦੇ 5 ਬੱਚਿਆਂ ਸਣੇ 7 ਜੀਆਂ ਦੀ ਮੌਤ

ਲੁਧਿਆਣਾ, 20 ਅਪਰੈਲ- ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਤੜਕੇ ਝੁੱਗੀ ਨੂੰ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ ਸੱਤ ਮੈਂਬਰ ਜ਼ਿੰਦਾ ਸੜ ਗਏ। ਲੁਧਿਆਣਾ ਦੇ ਸਹਾਇਕ ਪੁਲੀਸ ਕਮਿਸ਼ਨਰ (ਪੂਰਬੀ) ਸੁਰਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਮਾਰੇ ਗਏ ਲੋਕ ਪਰਵਾਸੀ ਮਜ਼ਦੂਰ ਸਨ ਅਤੇ ਟਿੱਬਾ ਰੋਡ ‘ਤੇ ਮਿਊਂਸੀਪਲ ਕੂੜਾ ਡੰਪ ਯਾਰਡ ਨੇੜੇ ਆਪਣੀ ਝੁੱਗੀ ਵਿੱਚ ਸੌਂ ਰਹੇ ਸਨ। ਮਰਨ ਵਾਲਿਆਂ ’ਚ 2 ਸਾਲ ਦਾ ਬੱਚਾ ਵੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੁਰੇਸ਼ ਸਾਹਨੀ (55), ਉਸ ਦੀ ਪਤਨੀ ਰੀਨਾ ਦੇਵੀ (53), ਬੇਟੀਆਂ ਰਾਖੀ, ਮੀਨਾਕਸ਼ੀ, ਗੀਤਾ ਅਤੇ ਚੰਦਾ ਅਤੇ ਪੁੱਤਰ ਸੰਨੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਝੁੱਗੀ ਨੂੰ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ। ਮ੍ਰਿਤਕ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਬੋਗੋਪੁਰ ਦੇ ਰਹਿਣ ਵਾਲੇ ਸਨ। ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਰਾਮ ਬਾਬੂ ਸਾਹਨੀ ਨੇ ਦੱਸਿਆ ਕਿ ਸੁਰੇਸ਼ ਆਪਣੀ ਵੱਡੀ ਲੜਕੀ ਦੇ ਵਿਆਹ ਲਈ ਇੱਕ-ਦੋ ਦਿਨਾਂ ਵਿੱਚ ਪਿੰਡ ਜਾਣ ਵਾਲਾ ਸੀ। ਵਿਆਹ 30 ਅਪਰੈਲ ਨੂੰ ਹੋਣਾ ਸੀ।

You must be logged in to post a comment Login