ਲੁਧਿਆਣਾ, 23 ਦਸੰਬਰ : ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਤੀਜੀ ਮੰਜ਼ਿਲ ਵਿੱਚ ਅੱਜ ਦੁਪਹਿਰ ਵੇਲੇ ਬਾਥਰੂਮ ਵਿੱਚ ਬੰਬ ਧਮਾਕਾ ਹੋਇਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਵਕੀਲ ਸਣੇ 5 ਲੋਕ ਫੱਟੜ ਹੋ ਗਏ ਹਨ। ਮੌਕੇ ’ਤੇ ਮੁੱਢਲੀ ਪੜਤਾਲ ਵਿੱਚ ਪੁਲੀਸ ਨੂੰ ਖਦਸ਼ਾ ਹੈ ਕਿ ਜੋ ਵਿਅਕਤੀ ਬਾਥਰੂਮ ਦੇ ਅੰਦਰ ਬੰਬ ਲਗਾ ਰਿਹਾ ਸੀ ਤਾਂ ਉਸ ਸਮੇਂ ਬੰਬ ਫੱਟ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀਆਂ ਲੱਤਾਂ ਉਡ ਗਈਆਂ। ਘਟਨਾ ਤੋਂ ਬਾਅਦ ਮੌਕੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਪੁਲੀਸ ਮੁਖੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਫੱਟੜਾਂ ਦਾ ਹਾਲ ਵੀ ਪੁੱਛਿਆ। ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਦਾਲਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲੀਸ ਇਸ ਬੰਬ ਧਮਾਕੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਮੌਕੇ ’ਤੇ ਐੱਨਆਈਏ ਦੀ ਟੀਮ ਵੀ ਜਾਂਚ ਲਈ ਪੁੱਜ ਰਹੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਾਲੇ ਮ੍ਰਿਤਕ ਦੀ ਤਾਂ ਪਛਾਣ ਨਹੀਂ ਹੋ ਸਕੀ ਹੈ ਪਰ ਫੱਟੜਾਂ ਵਿੱਚ ਸੰਦੀਪ ਕੌਰ, ਸ਼ਰਨਜੀਤ ਕੌਰ, ਮਨੀਸ਼ ਕੁਮਾਰ, ਵਕੀਲ ਕੁਲਦੀਪ ਸਿੰਘ ਮੰਡ ਤੇ ਕ੍ਰਿਸ਼ਨ ਖੰਨਾ ਸ਼ਾਮਲ ਹਨ।

You must be logged in to post a comment Login