ਲੁਧਿਆਣਾ: ਬੋਰੀ ਵਿੱਚ ਲਾਸ਼ ਸੁੱਟਣ ਆਏ ਦੋ ਵਿਅਕਤੀ ਮੋਟਰਸਾਈਕਲ ਛੱਡ ਕੇ ਫਰਾਰ

ਲੁਧਿਆਣਾ: ਬੋਰੀ ਵਿੱਚ ਲਾਸ਼ ਸੁੱਟਣ ਆਏ ਦੋ ਵਿਅਕਤੀ ਮੋਟਰਸਾਈਕਲ ਛੱਡ ਕੇ ਫਰਾਰ

ਲੁਧਿਆਣਾ, 9 ਜੁਲਾਈ : ਲੁਧਿਆਣਾ ’ਚ ਬੁੱਧਵਾਰ ਨੂੰ ਫਿਰੋਜ਼ਪੁਰ ਰੋਡ ’ਤੇ ਡਿਵਾਈਡਰ ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਇੱਕ ਬੋਰੀ, ਜਿਸ ਵਿੱਚ ਬਾਅਦ ਵਿੱਚ ਇੱਕ ਔਰਤ ਦੀ ਲਾਸ਼ ਮਿਲੀ, ਸੁੱਟਦੇ ਹੋਏ ਦੇਖਿਆ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਵਿਅਕਤੀ ਇੱਕ ਇੱਕ ਬੋਰੀ ਸੁੱਟਣ ਲਈ ਆਏ ਅਤੇ ਇਸ ਦੌਰਾਨ ਸੜਕ ਕਿਨਾਰੇ ਖੜ੍ਹੇ ਵਿਕਰੇਤਾ ਨੇ ਉਨ੍ਹਾਂ ਨੂੰ ਬੋਰੀ ਵਿੱਚੋਂ ਆ ਰਹੀ ਬਦਬੂ ਬਾਰੇ ਬਾਰੇ ਸਵਾਲ ਕੀਤਾ, ਤਾਂ ਦੋਵਾਂ ਨੇ ਕਿਹਾ ਕਿ ਉਹ ਸਿਰਫ਼ ਸੜੇ ਹੋਏ ਅੰਬ ਸੁੱਟ ਰਹੇ ਸਨ। ਹਾਲਾਂਕਿ, ਉੱਥੇ ਮੌਜੂਦ ਵਿਅਕਤੀਆਂ ਨੇ ਬੋਰੀ ਦੀ ਜਾਂਚ ਕੀਤੀ ਤਾਂ ਉਸ ਵਿਚ ਇੱਕ ਨੌਜਵਾਨ ਔਰਤ ਦੀ ਲਾਸ਼ ਮਿਲੀ। ਜਿਸ ਬਾਰੇ ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ੱਕੀ ਨੇ ਇੱਕ ਨਿੱਜੀ ਸੁਰੱਖਿਆ ਏਜੰਸੀ ਦੀ ਵਰਦੀ ਪਾਈ ਹੋਈ ਸੀ। ਕਈ ਚਸ਼ਮਦੀਦਾਂ ਨੇ ਦੋਵਾਂ ਵਿਅਕਤੀਆਂ ਦੀਆਂ ਵੀਡੀਓਜ਼ ਵੀ ਰਿਕਾਰਡ ਕੀਤੀਆਂ ਜਦੋਂ ਉਹ ਬੋਰੀ ਸੁੱਟ ਰਹੇ ਸਨ। ਜਾਣਕਾਰੀ ਅਨੁਸਾਰ ਜਦੋਂ ਤੱਕ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚੇ, ਉਦੋਂ ਤੱਕ ਦੋਵੇਂ ਫਰਾਰ ਹੋ ਚੁੱਕੇ ਸਨ। ਪਰ ਉੱਥੋਂ ਫਰਾਰ ਹੋਣ ਮੌਕੇ ਉਹ ਆਪਣੀ ਨੀਲੇ ਰੰਗ ਦਾ ਮੋਟਰਸਾਈਕਲ (ਰਜਿਸਟ੍ਰੇਸ਼ਨ ਨੰਬਰ PB10CE7668) ਪਿੱਛੇ ਛੱਡ ਗਏ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਦੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਮ੍ਰਿਤਕ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।

You must be logged in to post a comment Login