ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ

ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ

ਨਵੀਂ ਦਿੱਲੀ, 18 ਮਈ- ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਇਸਤੇਮਾਲ ਕਰਦਿਆਂ ਆਪੋ-ਆਪਣੀ ਵੋਟ ਪਾਈ। ਇਹ ਜਾਣਕਾਰੀ ਦਿੱਲੀ ਚੋਣ ਕਮਿਸ਼ਨ ਨੇ ਦਿੱਤੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਵੀਰਵਾਰ ਨੂੰ ਬਜ਼ੁਰਗ ਵੋਟਰਾਂ ਅਤੇ ਦਿਵਿਆਂਗਾਂ ਲਈ ਘਰੋਂ ਵੋਟ ਪਾਉਣ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਸਹੂਲਤ 24 ਮਈ ਤੱਕ ਜਾਰੀ ਰਹੇਗੀ। ਦਫ਼ਤਰ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਘਰੋਂ ਵੋਟ ਪਾਉਣ ਦੀ ਸਹੂਲਤ ਦਾ ਫਾਇਦਾ ਉਠਾਉਂਦੇ ਹੋਏ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਰੇ ਸੱਤ ਸੰਸਦੀ ਹਲਕਿਆਂ ਵਿੱਚੋਂ 1409 ਵੋਟਰਾਂ ਨੇ ਆਪਣੇ ਘਰੋਂ ਹੀ ਆਪਣੀਆਂ ਵੋਟਾਂ ਪਾਈਆਂ। ਪੱਛਮੀ ਦਿੱਲੀ ਹਲਕੇ ਵਿੱਚ ਸਭ ਤੋਂ ਵੱਧ 348 ਵੋਟਰਾਂ ਨੇ ਇਸ ਸਹੂਲਤ ਦਾ ਲਾਹਾ ਲੈਂਦਿਆਂ ਆਪਣੀਆਂ ਵੋਟਾਂ ਪਾਈਆਂ। ਇਨ੍ਹਾਂ ਵਿੱਚੋਂ 299 ਬਜ਼ੁਰਗ ਵੋਟਰ ਸਨ। ਮੁੱਖ ਚੋਣ ਅਧਿਕਾਰੀ ਮੁਤਾਬਕ ਦੂਜਾ ਦਿਨ ਖ਼ਤਮ ਹੋਣ ਤੱਕ 2956 ਵੋਟਰਾਂ ਨੇ ਘਰੋਂ ਵੋਟ ਪਾਉਣ ਦੀ ਸਹੂਲਤ ਦਾ ਲਾਹਾ ਲਿਆ।

You must be logged in to post a comment Login