ਲੋਕ ਸਭਾ ਚੋਣਾਂ-2024 ਦਾ ਪਹਿਲਾ ਗੇੜ: 102 ਹਲਕਿਆਂ ’ਚ ਪੈ ਰਹੀਆਂ ਨੇ ਵੋਟਾਂ

ਲੋਕ ਸਭਾ ਚੋਣਾਂ-2024 ਦਾ ਪਹਿਲਾ ਗੇੜ: 102 ਹਲਕਿਆਂ ’ਚ ਪੈ ਰਹੀਆਂ ਨੇ ਵੋਟਾਂ

ਨਵੀਂ ਦਿੱਲੀ, 19 ਅਪਰੈਲ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ 102 ਸੀਟਾਂ ’ਤੇ ਪੋਲਿੰਗ ਹੋ ਰਹੀ ਹੈ। ਅੱਜ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਰਾਜਪਾਲ ਸਮੇਤ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਜਾਵੇਗੀ। ਵੋਟਿੰਗ ਵਾਲੇ ਇਹ ਹਲਕੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਹਨ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾਵਾਂ ਦੀਆਂ 92 ਸੀਟਾਂ ਲਈ ਵੀ ਵੋਟਾਂ ਪੈਣਗੀਆਂ। ਪਹਿਲੇ ਪੜਾਅ ਦੀਆਂ 102 ਲੋਕ ਸਭਾ ਸੀਟਾਂ ’ਚੋਂ ਭਾਜਪਾ ਦੀ ਅਗਵਾਈ ਹੇਠ ਐੱਨਡੀਏ ਨੇ 2019 ’ਚ 39 ਸੀਟਾਂ ਜਿੱਤੀਆਂ ਸਨ। ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਇਆ,ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਕੁਝ ਸੀਟਾਂ ’ਤੇ ਪੋਲਿੰਗ ਖ਼ਤਮ ਹੋਣ ਦਾ ਸਮਾਂ ਵੱਖੋ ਵੱਖਰਾ ਰਹੇਗਾ। ਚੋਣ ਕਮਿਸ਼ਨ ਨੇ 1.87 ਲੱਖ ਪੋਲਿੰਗ ਸਟੇਸ਼ਨਾਂ ’ਤੇ 18 ਲੱਖ ਤੋਂ ਜ਼ਿਆਦਾ ਅਮਲਾ ਤਾਇਨਾਤ ਕੀਤਾ ਹੈ, ਜਿਥੇ 16.63 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। ਵੋਟਰਾਂ ’ਚ 8.4 ਕਰੋੜ ਪੁਰਸ਼, 8.23 ਕਰੋੜ ਔਰਤਾਂ ਅਤੇ 11,371 ਕਿੰਨਰ ਹਨ। ਇਸ ਗੇੜ ’ਚ 35.67 ਲੱਖ ਵੋਟਰ ਪਹਿਲੀ ਵਾਰ ਆਪਣੇ ਹੱਕ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਨੇ ਪੋਲਿੰਗ ਅਤੇ ਸੁਰੱਖਿਆ ਅਮਲੇ ਦੀ ਤਾਇਨਾਤੀ ਲਈ 41 ਹੈਲੀਕਾਪਟਰਾਂ, 84 ਵਿਸ਼ੇਸ਼ ਰੇਲ ਗੱਡੀਆਂ ਅਤੇ ਕਰੀਬ ਇਕ ਲੱਖ ਵਾਹਨਾਂ ਦੀ ਵਰਤੋਂ ਕੀਤੀ ਹੈ।

You must be logged in to post a comment Login