ਲੰਡਨ: ਪੰਜ ਮਹੀਨੇ ਪਹਿਲਾਂ ਵਿਕੇ ਪੁਲਿਸ ਥਾਣੇ ‘ਚ ਹੀ ਬੀਜੇ “ਸੁੱਖੇ ਦੇ ਬੂਟੇ” ਬਰਾਮਦ 

ਲੰਡਨ: ਪੰਜ ਮਹੀਨੇ ਪਹਿਲਾਂ ਵਿਕੇ ਪੁਲਿਸ ਥਾਣੇ ‘ਚ ਹੀ ਬੀਜੇ “ਸੁੱਖੇ ਦੇ ਬੂਟੇ” ਬਰਾਮਦ 
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਵਿੱਚ ਕੈਨਾਬਿਸ ਜਾਣੀਕਿ ਸੁੱਖੇ ਦੀ ਕਾਸ਼ਤ ਗੈਰਕਾਨੂੰਨੀ ਹੈ। ਅਕਸਰ ਹੀ ਖੰਡਰ ਬਣੀਆਂ ਇਮਾਰਤਾਂ ਜਾਂ ਘਰਾਂ ਅੰਦਰ ਸੁੱਖੇ (ਭੰਗ) ਦੀ ਕਾਸ਼ਤ ਦੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਇਹ ਖਬਰ ਹੈਰਾਨ ਕਰਨ ਵਾਲੀ ਹੈ ਕਿ ਤਸਕਰਾਂ ਨੇ ਮਹਿਜ ਪੰਜ ਮਹੀਨੇ ਪਹਿਲਾਂ ਵਿਕੀ ਪੁਲਿਸ ਥਾਣੇ ਦੀ ਇਮਾਰਤ ਅੰਦਰ ਹੀ ਇੱਕ ਵੱਡੀ “ਕੈਨਾਬਿਸ ਫੈਕਟਰੀ” ਬਣਾ ਲਈ ਹੋਵੇ।  ਮੈਟਰੋਪੋਲੀਟਨ ਪੁਲਿਸ ਨੂੰ ਐਤਵਾਰ ਨੂੰ ਪੂਰਬੀ ਲੰਡਨ ਦੇ ਆਇਲ ਆਫ ਡੌਗਸ ਵਿੱਚ ਆਪਣੇ ਹੀ  ਇੱਕ ਸਾਬਕਾ ਬੇਸ ਵਿੱਚ ਕੁਝ ਸ਼ੱਕੀ ਕਾਰਵਾਈਆਂ ਦੀ ਜਾਂਚ ਕਰਨ ਲਈ ਬੁਲਾਇਆ ਗਿਆ ਸੀ। ਪੁਲਿਸ ਕਰਮਚਾਰੀ ਹੱਕੇ ਬੱਕੇ ਰਹਿ ਗਏ, ਜਦੋਂ ਉਹਨਾਂ ਇਮਾਰਤ ਅੰਦਰ ਭੰਗ ਦੇ ਬੂਟਿਆਂ ਦਾ ਭੰਡਾਰ ਦੇਖਿਆ। ਫਿਲਹਾਲ ਇਸ ਸੰਬੰਧ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ ਜਾਂਚ ਸ਼ੁਰੂ ਕੀਤੀ ਗਈ ਹੈ। ਮਾਨਚੈਸਟਰ ਰੋਡ ‘ਤੇ ਸਥਿਤ ਸਟੇਸ਼ਨ ਨੂੰ ਇਸ ਸਾਲ ਫਰਵਰੀ ਵਿੱਚ ਵੇਚਿਆ ਗਿਆ ਸੀ। ਆਇਲ ਆਫ ਡੌਗਜ਼ ਦੇ ਕੌਂਸਲਰ ਪੀਟਰ ਗੋਲਡਜ਼ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਸਾਨੂੰ ਬੋਰੋਅ ਦੇ ਇੱਕ ਸਕੂਲ ਵਿਚ ਭੰਗ ਬਣਾਉਣ ਵਾਲੀ ਫੈਕਟਰੀ ਮਿਲੀ ਸੀ ਅਤੇ ਹੁਣ ਇਹ ਮਿਲੀ ਹੈ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਈ ਸਾਲਾਂ ਤੋਂ ਟਾਵਰ ਹੈਮਲੇਟਸ ਇਲਾਕੇ ਵਿੱਚ ਸਮਾਜ ਵਿਰੋਧੀ ਵਿਵਹਾਰ ਦੀਆਂ ਸਮੱਸਿਆਵਾਂ ਬਾਰੇ ਰੌਲਾ ਪਾਉਂਦੇ ਆ ਰਹੇ ਹਾਂ, ਪਰ ਅਸੀਂ ਉਲਟਾ ਪੁਲਿਸ ਸਟੇਸ਼ਨਾਂ ਨੂੰ ਬੰਦ ਹੁੰਦੇ ਦੇਖਦੇ ਆ ਰਹੇ ਹਾਂ।

You must be logged in to post a comment Login