ਲੱਦਾਖ ਹਿੰਸਾ: ਪਤੀ ਸੋਨਮ ਵਾਂਗਚੁਕ ਦੀ ਰਿਹਾਈ ਲਈ ਸੁਪਰੀਮ ਕੋਰਟ ਪੁੱਜੀ ਗੀਤਾਂਜਲੀ ਐਂਗਮੋ

ਲੱਦਾਖ ਹਿੰਸਾ: ਪਤੀ ਸੋਨਮ ਵਾਂਗਚੁਕ ਦੀ ਰਿਹਾਈ ਲਈ ਸੁਪਰੀਮ ਕੋਰਟ ਪੁੱਜੀ ਗੀਤਾਂਜਲੀ ਐਂਗਮੋ

ਅਹਿਮਦਾਬਾਦ, 3 ਅਕਤੂਬਰ : ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਐਂਗਮੋ ਆਪਣੇ ਪਤੀ ਦੀ ਫੌਰੀ ਰਿਹਾਈ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਹੈ। ਵਾਂਗਚੁਕ ਨੂੰ ਕਥਿਤ ਭੜਕਾਊ ਭਾਸ਼ਣਾਂ’ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਹਾਲੀਆ ਹਿੰਸਾ ਮਗਰੋਂ ਐੱਨਐੱਸਏ ਤਹਿਤ ਗ੍ਰਿਫ਼ਤਾਰ ਕਰਕੇ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਰੱਖਿਆ ਗਿਆ ਹੈ। ਐਂਗਮੋ ਨੇ ਵਕੀਲ ਸਰਵਮ ਰਿਤਮ ਖਰੇ ਰਾਹੀਂ ਦਾਇਰ ਆਪਣੀ ਪਟੀਸ਼ਨ ਵਿੱਚ ਵਾਂਗਚੁਕ ਦੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਹੈ, ਨਾਲ ਹੀ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਵਾਂਗਚੁਕ ਵਿਰੁੱਧ ਐਨਐਸਏ ਦੀ ਵਰਤੋਂ ਕਰਨ ਦੇ ਫੈਸਲੇ ’ਤੇ ਵੀ ਸਵਾਲ ਉਠਾਏ ਗਏ ਹਨ।ਐਂਗਮੋ ਨੇ ਦੋਸ਼ ਲਗਾਇਆ ਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਉਸ ਨੂੰ ਅਜੇ ਤੱਕ ਨਜ਼ਰਬੰਦੀ ਦੇ ਹੁਕਮਾਂ ਦੀ ਕਾਪੀ ਮੁਹੱਈਆ ਨਹੀਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ ਉਸ ਦਾ ਆਪਣੇ ਪਤੀ ਵਾਂਗਚੁਕ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।ਵਾਂਗਚੁਕ ਵੱਲੋਂ ਲੱਦਾਖ਼ ਨੂੰ ਰਾਜ ਦਾ ਦਰਜਾ ਦੇਣ ਤੇ 6ਵੇਂ ਸ਼ਡਿਊਲ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਵਿੱਢੀ ਭੁੱਖ ਹੜਤਾਲ ਦੌਰਾਨ ਇਕ ਜੋੜੇ ਦੀ ਮੌਤ ਮਗਰੋਂ ਹਿੰਸਾ ਭੜਕ ਗਈ ਸੀ। ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸਨ, ਨੇ ਭਾਜਪਾ ਦਫ਼ਤਰ, ਲੇਹ ਹਿੱਲ ਕੌਂਸਲ ਦੀ ਇਮਾਰਤ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਚਾਰ ਲੋਕ ਮਾਰੇ ਗਏ ਤੇ 90 ਦੇ ਕਰੀਬ ਜ਼ਖ਼ਮੀ ਹੋ ਗਏ।

You must be logged in to post a comment Login