ਮੁੰਬਈ – ਪਾਲਘਰ ਪੁਲਸ ਨੇ ਮਲਾਡ ਦੇ ਰਹਿਣ ਵਾਲੇ ਦੀਪਕ ਸੁਰਵਣਾ ਨੂੰ ਗ੍ਰਿਫਤਾਰ ਕੀਤਾ ਹੈ। 28 ਸਾਲਾ ਦੀਪਕ ‘ਤੇ ਦੋਸ਼ ਹੈ ਕਿ ਉਸ ਨੇ ਮੈਟਰੀਮੋਨੀਅਲ ਸਾਈਟਸ ‘ਤੇ ਲੜਕੀਆਂ ਨੂੰ ਫਸਾ ਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ। ਇਕ ਔਰਤ ਨੂੰ ਤਾਂ ਦੀਪਕ ਨੇ 14.14 ਲੱਖ ਰੁਪਏ ਦਾ ਚੂਨਾ ਲਾ ਦਿੱਤਾ। ਮਹਿੰਗੇ ਗੈਜੇਟ, ਪਲੇਨ ਦੀਆਂ ਟਿਕਟਾਂ ਅਤੇ ਇਥੋਂ ਤੱਕ ਕਿ ਆਲੀਸ਼ਾਨ ਹੋਟਲਾਂ ‘ਚ ਰਹਿਣਾ। ਉਹ ਲੜਕੀਆਂ ਨੂੰ ਫਸਾ ਕੇ ਉਨ੍ਹਾਂ ਦੇ ਪੈਸਿਆਂ ‘ਤੇ ਐਸ਼ ਕਰ ਰਿਹਾ ਸੀ।
ਵਸਈ ਦੇ ਮਾਣਿਕਪੁਰ ਖੇਤਰ ਦੀ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਦੀਪਕ ਨੂੰ 14.14 ਲੱਖ ਰੁਪਏ ਦੇਣ ਲਈ ਉਸ ਨੂੰ ਆਪਣੀ ਜਿਊਲਰੀ ਤੱਕ ਵੇਚਣੀ ਪਈ। ਦੀਪਕ ਅਤੇ ਔਰਤ ਦੋਵੇਂ ਹੀ ਇਕੋ ਭਾਈਚਾਰੇ ਨਾਲ ਸਬੰਧਤ ਹਨ। ਮੈਟਰੀਮੋਨੀਅਲ ਸਾਈਟ ‘ਤੇ ਮਿਲਣ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ਤੋਂ ਦੋਵੇਂ ਇਕ-ਦੂਜੇ ਦੇ ਸੰਪਰਕ ‘ਚ ਸਨ। ਔਰਤ ਦਾ ਭਰੋਸਾ ਜਿੱਤਣ ਤੋਂ ਬਾਅਦ ਦੀਪਕ ਨੇ ਉਸ ਨੂੰ ਝੂਠੀ ਕਹਾਣੀ ਸੁਣਾਈ। ਉਸ ਨੇ ਪਹਿਲਾਂ ਔਰਤ ਤੋਂ 2 ਲੱਖ ਰੁਪਏ ਮੰਗੇ। ਦੀਪਕ ਨੇ ਔਰਤ ਨੂੰ ਦੱਸਿਆ ਕਿ ਉਹ ਬਹੁਤ ਪੈਸੇ ਵਾਲਾ ਹੈ ਪਰ ਉਸ ਦਾ ਅਕਾਊਂਟ ਇਸ ਸਮੇਂ ਫ੍ਰੀਜ਼ ਹੈ। ਟੈਕਸ ਨਾ ਭਰਨ ਕਾਰਨ ਅਜਿਹਾ ਹੋਇਆ ਹੈ। ਦੀਪਕ ਨੇ ਦੱਸਿਆ ਕਿ ਉਸ ਦਾ ਅਕਾਊਂਟੈਂਟ ਧੋਖਾਦੇਹੀ ਕਰ ਕੇ ਭੱਜ ਗਿਆ ਹੈ।
ਦੀਪਕ ਵੱਲੋਂ ਵਾਰ-ਵਾਰ ਪੈਸੇ ਮੰਗਣ ‘ਤੇ ਔਰਤ ਨੂੰ ਸ਼ੱਕ ਹੋਇਆ ਕਿ ਜਦੋਂ ਤੱਕ ਉਸਦਾ ਸ਼ੱਕ ਯਕੀਨ ‘ਚ ਬਦਲਿਆ ਉਦੋਂ ਤੱਕ ਉਹ ਧੋਖਾਦੇਹੀ ਦੀ ਸ਼ਿਕਾਰ ਹੋ ਚੁੱਕੀ ਸੀ। ਇਸ ਤੋਂ ਬਾਅਦ ਔਰਤ ਨੇ ਪੁਲਸ ਨੂੰ ਗੁਹਾਰ ਲਗਾਈ। ਮਾਣਿਕਪੁਰ ਪੁਲਸ ਸਟੇਸ਼ਨ ‘ਚ ਔਰਤ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇੰਸਪੈਕਟਰ ਦਾਮੋਦਰ ਬਾਂਡੇਕਰ ਨੇ ਇਕ ਟੀਮ ਗਠਿਤ ਕਰ ਦਿੱਤੀ। ਪੁਲਸ ਮੁਤਾਬਕ ਲੜਕੀ ਤੋਂ ਪੈਸੇ ਠੱਗਣ ਤੋਂ ਬਾਅਦ ਦੀਪਕ ਗੋਆ, ਕੇਰਲ, ਊਟੀ ਅਤੇ ਕੁੱਲੂ-ਮਨਾਲੀ ਘੁੰਮਣ ਗਿਆ। ਪੁਲਸ ਮੁਤਾਬਕ ਉਸ ਨੇ ਵਿਸ਼ਾਖਾਪਟਨਮ ਦੇ ਫਾਈਵ ਸਟਾਰ ਹੋਟਲ ‘ਚ ਆਪਣਾ ਜਨਮ ਦਿਨ ਵੀ ਮਨਾਇਆ। ਦੀਪਕ ਖਿਲਾਫ ਮੁੰਬਈ, ਨਵੀਂ ਮੁੰਬਈ, ਠਾਣੇ, ਪਾਲਘਰ ‘ਚ ਦਰਜਨਾਂ ਧੋਖਾਦੇਹੀ ਦੇ ਕੇਸ ਦਰਜ ਹਨ। ਉਸ ਦੇ ਖਿਲਾਫ ਜੁਹੂ ਪੁਲਸ ਸਟੇਸ਼ਨ ‘ਚ ਇਕ ਰੇਪ ਕੇਸ ਵੀ ਦਰਜ ਹੈ। ਪੁਲਸ ਮੁਤਾਬਕ ਦੀਪਕ ਸਕੂਲ ਡ੍ਰਾਪ ਆਊਟ ਹੈ ਪਰ ਕਾਨਵੈਂਟ ਸਕੂਲ ‘ਚ ਸਿੱਖਿਆ ਕਾਰਨ ਉਸ ਦੀ ਅੰਗਰੇਜ਼ੀ ਬਹੁਤ ਵਧੀਆ ਹੈ। ਇਸੇ ਕਾਰਨ ਉਹ ਲੜਕੀਆਂ ਨੂੰ ਝਾਂਸੇ ‘ਚ ਲੈ ਲੈਂਦਾ ਹੈ ਅਤੇ ਖੁਦ ਨੂੰ ਬੇਹੱਦ ਅਮੀਰ ਬਿਜ਼ਨਸਮੈਨ ਦੱਸਦਾ ਸੀ। ਦੀਪਕ ਸੁਰਵਣਾ ਤੁਲੂ ਭਾਈਚਾਰੇ ਨਾਲ ਸਬੰਧਤ ਹੈ ਅਤੇ ਉਹ ਜ਼ਿਆਦਾਤਰ ਇਸੇ ਭਾਈਚਾਰੇ ਦੀਆਂ ਲੜਕੀਆਂ ਨੂੰ ਜਾਲ ‘ਚ ਫਸਾਉਂਦਾ ਸੀ।

You must be logged in to post a comment Login