ਵਿਜੀਲੈਂਸ ਨੇ ਸਾਬਕਾ ਉਪ ਮੁੱਖ ਮੰਤਰੀ ਸੋਨੀ ਤੋਂ 2 ਘੰਟਿਆਂ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ

ਅੰਮ੍ਰਿਤਸਰ, 29 ਨਵੰਬਰ- ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੇ ਆਮਦਨ ਦੇ ਸਰੋਤਾਂ ਦੇ ਮੁਤਾਬਕ ਹੈ ਅਤੇ ਹਰ ਪੰਜ ਸਾਲ ਬਾਅਦ ਚੋਣ ਲੜਨ ਵੇਲੇ ਆਪਣੀ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਭੇਜਦੇ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨਾਲ ਕੋਈ ਵਧੀਕੀ ਹੋਈ ਤਾਂ ਉਹ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਹ ਅੱਜ ਵਿਜੀਲੈਂਸ ਬਿਊਰੋ ਦੇ ਦਫਤਰ ਵਿਚ ਪੇਸ਼ ਹੋ ਕੇ ਆਏ ਹਨ। ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਤਲਬ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਨੇ ਦੋ ਘੰਟੇ ਤੋਂ ਵੱਧ ਸਮੇਂ ਲਈ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਹੈ ਅਤੇ ਜਾਇਦਾਦ ਸਬੰਧੀ ਵੇਰਵੇ ਮੰਗੇ ਹਨ। ਉਨ੍ਹਾਂ ਨੂੰ ਕੁਝ ਪਰਫਾਰਮੇ ਦਿੱਤੇ ਗਏ ਹਨ, ਜਿਨ੍ਹਾਂ ਵਿਚ ਜਾਇਦਾਦ ਸਬੰਧੀ ਵੇਰਵੇ ਦੇਣ ਲਈ ਆਖਿਆ ਗਿਆ ਹੈ। ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ੍ਰੀ ਸੋਨੀ ਕੋਲੋਂ ਪੁੱਛ ਪੜਤਾਲ ਕੀਤੀ ਹੈ ਅਤੇ ਇਸ ਸਬੰਧੀ ਕੁਝ ਦਸਤਾਵੇਜ਼ ਦਿੱਤੇ ਗਏ ਹਨ ਜੋ ਸੱਤ ਦਿਨਾਂ ਵਿਚ ਭਰ ਕੇ ਵਿਭਾਗ ਨੂੰ ਦੇਣਗੇ, ਜਿਸ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾਵੇਗੀ।

You must be logged in to post a comment Login