ਨਵੀਂ ਦਿੱਲੀ-ਕੇਂਦਰ ਸਰਕਾਰ ਵਲੋਂ ਅਗਲੇ ਸਾਲ ਅਪ੍ਰੈਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। | ਇਹ ਫ਼ੈਸਲਾ ਕੌਮੀ ਅਮਲ ਕਮੇਟੀ (ਐਨ. ਆਈ. ਸੀ.) ਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਹੋਈ ਬੈਠਕ ਵਿਚ ਲਿਆ ਗਿਆ, ਜਿਸ ‘ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਸਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ‘ਵਿਸ਼ਵ ਭਾਈਚਾਰਾ ਸਾਲ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਮੌਕੇ ਸਭਿਆਚਾਰਕ ਸਬੰਧਾਂ ਬਾਰੇ ਭਾਰਤੀ ਕਾਸਲ ਵਲੋਂ ਵਿਸ਼ਵ ਭਰ ‘ਚ ਭਾਰਤੀ ਮਿਸ਼ਨਾਂ ਰਾਹੀਂ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਮੀਟਿੰਗ ‘ਚ ਹਾਜ਼ਰ ਸਿੱਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਅੰਮ੍ਰਿਤਸਰ ‘ਚ ‘ਨੈਸ਼ਨਲ ਇੰਸਟੀਚਿਊਟ ਆਫ਼ ਇੰਟਰਫੇਥ ਸਟੱਡੀਜ਼’ ਦੀ ਸਥਾਪਨਾ ਦਾ ਪ੍ਰਸਤਾਵ ਹੈ ਅਤੇ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਇਸ ਲਈ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਪੁੱਛੇ ਜਾਣ ‘ਤੇ ਕੋਈ ਸਿੱਧਾ ਜਵਾਬ ਦੇਣ ਦੀ ਬਜਾਏ ਸਿੱਧੂ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਆਸਾਨੀ ਨਾਲ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਇਸ ਮੀਟਿੰਗ ‘ਚ ਹੋਰਾਂ ਸਮੇਤ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਕੇਂਦਰੀ ਮੰਤਰੀ ਮਹੇਸ਼ ਸ਼ਰਮਾ, ਐਸ. ਐਸ. ਆਹਲੂਵਾਲੀਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧੀ ਸ਼ਾਮਿਲ ਸਨ।

You must be logged in to post a comment Login