ਵਿਦੇਸ਼ਾਂ ਤੋਂ ਪੈਸਾ ਭੇਜਣ ‘ਚ ਭਾਰਤੀ ਸਭ ਤੋਂ ਅੱਗੇ

ਵਿਦੇਸ਼ਾਂ ਤੋਂ ਪੈਸਾ ਭੇਜਣ ‘ਚ ਭਾਰਤੀ ਸਭ ਤੋਂ ਅੱਗੇ

ਵਾਸ਼ਿੰਗਟਨ, 15 ਅਪ੍ਰੈਲ : ਵਿਦੇਸ਼ਾਂ ਤੋਂ ਪੈਸਾ ਅਪਣੇ ਦੇਸ਼ ‘ਚ ਭੇਜਣ ਦੇ ਮਾਮਲੇ ਵਿਚ ਭਾਰਤੀ ਪਹਿਲੇ ਨੰਬਰ ‘ਤੇ ਹਨ। ਵਿਸ਼ਵ ਬੈਂਕ ਨੇ ਸੋਮਵਾਰ ਨੂੰ ਜਾਰੀ ‘ਮਾਈਗਰੇਸ਼ਨ ਐਂਡ ਡਿਵੈਲਪਮੇਂਟ ਬਰੀਫ’ ਵਿਚ ਦੱਸਿਆ ਕਿ 2014 ਵਿਚ ਦੁਨੀਆ ਭਰ ਦੇ ਪਰਵਾਸੀਆਂ ਵਲੋਂ ਅਪਣੇ ਦੇਸ਼ ਭੇਜਿਆ ਜਾਣ ਵਾਲਾ ਪੈਸਾ ਵਧ ਕੇ 583 ਅਰਬ ਡਾਲਰ ‘ਤੇ ਪਹੁੰਚ ਗਿਆ ਹੈ। ਇਸ ਵਿਚ 70 ਅਰਬ ਡਾਲਰ ਭਾਰਤ ਭੇਜਿਆ ਗਿਆ। ਇਸ ਮਾਮਲੇ ਵਿਚ ਚੀਨ ਦੂਜੇ ਨੰਬਰ ‘ਤੇ ਰਿਹਾ। ਉਨ੍ਹਾਂ ਨੇ 64 ਅਰਬ ਪਾਲਰ ਅਪਣੇ ਦੇਸ਼ ਭੇਜਿਆ। ਇਸ ਤੋਂ ਬਾਅਦ ਫਿਲੀਪੀਂਸ, ਮੈਕਸਿਕੋ ਅਤੇ ਨਾਈਜੀਰੀਆ ਹੈ। 2014 ਵਿਚ ਪਰਵਾਸੀਆਂ ਵਲੋਂ ਭਾਰਤ ਭੇਜੇ ਜਾਣ ਵਾਲੀ ਰਕਮ ਵਿਚ 0.6 ਪ੍ਰਤੀਸ਼ਤ ਦਾ ਮਾਮੂਲੀ ਵਾਧਾ ਹੋਇਆ, ਜਦ ਕਿ 2013 ਦੌਰਾਨ ਇਸ ਵਿਚ 1.7 ਫ਼ੀਸਦੀ ਦਾ ਵਾਧਾ ਹੋਇਆ ਸੀ। ਇਸ ਮਾਮਲੇ ਵਿਚ ਗੁਆਂਢੀ ਦੇਸ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਪਾਕਿਸਤਾਨ ਵਿਚ ਇਹ ਵਾਧਾ 16.6 ਫ਼ੀਸਦੀ, ਸ੍ਰੀਲੰਕਾ ਵਿਚ 9.6 ਫ਼ੀਸਦੀ ਅਤੇ ਬੰਗਲਾਦੇਸ਼ ਵਿਚ ਅੱਠ ਫ਼ੀਸਦੀ ਰਹੀ। ਵਿਸ਼ਵ ਬੈਂਕ ਦੇ ਮੁੱਖ ਅਰਥ ਸ਼ਾਸਤਰੀ ਅਤੇ ਸੀਨੀਅਰ ਮੀਤ ਪ੍ਰਧਾਨ ਕੌਸ਼ਿਕ ਬਸੂ ਨੇ ਇਸ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਜਰਾਇਲ ਅਤੇ ਭਾਰਤ ਨੇ ਦਿਖਾਇਆ ਹੈ ਕਿ ਅਰਥ ਵਿਵਸਥਾ ਦੀ ਵੱਡੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੀ ਕਿਸ ਤਰ੍ਹਾਂ ਪਰਵਾਸੀਆਂ ਦੀ ਪੂੰਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਰੀਫ ਦੇ ਮੁਤਾਬਕ 2015 ਵਿਚ ਪੈਸਾ ਅਪਣੇ ਦੇਸ਼ ਭੇਜਣ ਦੀ ਦਰ ਮੰਦੀ ਪੈ ਗਈ ਅਤੇ ਵਿਸ਼ਵ ਪੱਧਰ ‘ਤੇ 0.4 ਪ੍ਰਤੀਸ਼ਤ ਵਧ ਕੇ ਇਹ 586 ਅਰਬ ਡਾਲਰ ‘ਤੇ ਪਹੁੰਚ ਜਾਵੇਗਾ। ਵਿਕਾਸਸ਼ੀਲ ਦੇਸ਼ਾਂ ਵਿਚ ਭੇਜਿਆ ਜਾਣ ਵਾਲਾ ਪੈਸਾ 0.9 ਪ੍ਰਤੀਸ਼ਤ ਵਧ ਕੇ 440 ਅਰਬ ਡਾਲਰ ਹੋ ਜਾਵੇਗਾ।

You must be logged in to post a comment Login