ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਹੀ ਵੱਖੋ-ਵੱਖ ਹੋਈ ‘ਆਪ’

ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਹੀ ਵੱਖੋ-ਵੱਖ ਹੋਈ ‘ਆਪ’

ਚੰਡੀਗੜ੍ਹ : ਪੰਜਾਬ ਵਿਚ ਪਾਟੋਧਾੜ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਹੀ ਵੱਖੋ-ਵੱਖ ਹੁੰਦੀ ਨਜ਼ਰ ਆਈ। ਦਰਅਸਲ ਸੈਸ਼ਨ ਦੀ ਕਾਰਵਾਈ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇਕ ਧੜੇ ਵਲੋਂ ਵਿਧਾਨ ਸਭਾ ਦੇ ਬਾਹਰ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਖਹਿਰਾ ਧੜੇ ਵਲੋਂ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਐੱਚ. ਐੱਸ. ਫੂਲਕਾ ਵੀ ਖਹਿਰਾ ਧੜੇ ਦੇ ਸਮਰਥਨ ਵਿਚ ਖੁੱਲ੍ਹ ਕੇ ਨਿਤਰ ਆਏ। ਵਿਧਾਨ ਸਭਾ ਦੇ ਬਾਹਰ ਧਰਨਾ ਦੇ ਰਹੇ ‘ਆਪ’ ਵਿਧਾਇਕਾਂ ਨੇ ਮੰਗ ਕੀਤੀ ਕਿ ਲੋਕਾਂ ਦੇ ਮਸਲਿਆਂ ਨੂੰ ਉਠਾਉਣ ਲਈ 3 ਦਿਨ ਦੇ ਸੈਸ਼ਨ ਦਾ ਸਮਾਂ ਘੱਟ ਹੈ, ਇਸ ਲਈ ਸੈਸ਼ਨ ਲਗਭਗ 5 ਦਿਨ ਬੁਲਾਉਣਾ ਚਾਹੀਦਾ ਹੈ। ਇਸ ਦੇ ਨਾਲ ‘ਆਪ’ ਆਗੂਆਂ ਨੇ ਬਰਗਾੜੀ ਕਮੀਸ਼ਨ ਦੀ ਰਿਪੋਰਟ ‘ਤੇ ਬਹਿਸ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ। ਦੱਸਣਯੋਗ ਹੈ ਕਿ ਖਹਿਰਾ ਧੜੇ ਵਲੋਂ ਦਿੱਤੇ ਗਏ ਇਸ ਧਰਨੇ ਵਿਚ ਨਾ ਤਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸ਼ਾਮਿਲ ਹੋਏ ਅਤੇ ਨਾ ਹੀ ਕੇਜਰੀਵਾਲ ਹਿਮਾਇਤੀ ਕਿਸੇ ‘ਆਪ’ ਵਿਧਾਇਕ ਨੇ ਇਸ ਧਰਨੇ ‘ਚ ਸ਼ਮੂਲੀਅਤ ਕੀਤੀ।

You must be logged in to post a comment Login