ਵਿਰੋਧੀਆਂ ਦਾ ਚੀਰਹਰਨ ਕਰਨ ਦੀ ਬਜਾਏ ਭਗਵੰਤ ਮਾਨ ਨੂੰ ਖੁਦ ਕੰਮ ਕਰਕੇ ਦਿਖਾਉਣ ਦੀ ਲੋੜ 

ਵਿਰੋਧੀਆਂ ਦਾ ਚੀਰਹਰਨ ਕਰਨ ਦੀ ਬਜਾਏ ਭਗਵੰਤ ਮਾਨ ਨੂੰ ਖੁਦ ਕੰਮ ਕਰਕੇ ਦਿਖਾਉਣ ਦੀ ਲੋੜ 
ਮਨਦੀਪ ਖੁਰਮੀ ਹਿੰਮਤਪੁਰਾ (ਸਕਾਟਲੈਂਡ)
ਸੰਪਰਕ +44 75191 12312

ਸਿਆਸਤਦਾਨਾਂ ਦੀਆਂ ਕੁਚਾਲਾਂ ਦਾ ਝੰਬਿਆ, ਝੰਜੋੜਿਆ, ਬੇਉਮੀਦਾ ਪੰਜਾਬ ਹਰ ਪੰਜ ਸਾਲ ਬਾਅਦ ਇਸ ਉਮੀਦ ਨਾਲ ‘ਬਦਲਾਅ’ ਲਈ ਹੱਥ ਕਰੋਲੇ ਮਾਰਦੈ ਕਿ ਸ਼ਾਇਦ ਮੁੜ ਪੈਰਾਂ ਸਿਰ ਹੋ ਜਾਵੇ। ਪਰ ਹਰ ਵਾਰ ਸੱਤਾਧਾਰੀ ਧਿਰ ਕੋਲੋਂ ਨਾਮੋਸ਼ ਹੋ ਜਾਂਦੈ। ਕਾਂਗਰਸ ਤੇ ਅਕਾਲੀਆਂ ਦੀ ਬੰਨ੍ਹੀ ਹੋਈ ਵਾਰੀ ਅਤੇ ਆਪਹੁਦਰੇ ਫੈਸਲਿਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਆਪ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਇਆ। ਉਹ ਗੱਲ ਵੱਖਰੀ ਹੈ ਕਿ ਕੁਝ ਲੋਕ ਇਸ ਪਾਰਟੀ ਨੂੰ “ਬੀ ਟੀਮ” ਦੱਸਦੇ ਆ ਰਹੇ ਹਨ। ਈਵੀਐੱਮ ਦੀ ਕਰਾਮਾਤ ਨੂੰ ਮੰਨਣ ਵਾਲਿਆਂ ਦਾ ਇਹ ਵੀ ਮੰਨਣਾ ਹੈ ਕਿ ਬਦਲਾਅ ਬਦਲਾਅ ਬਦਲਾਅ ਦਾ ਰਾਗ ਅਲਾਪ ਕੇ ਲੋਕਾਂ ਨੂੰ ਇਹ ਪੱਕਾ ਅਹਿਸਾਸ ਕਰਵਾਇਆ ਗਿਆ ਕਿ ਇਹ ਕਰਾਮਾਤੀ ਬਦਲਾਅ ਸੀ ਤਾਂ ਕਿ ਜਦੋਂ ਦੇਸ਼ ਦੀ ਸਰਕਾਰ ਚੁਣਨ ਦਾ ਵੇਲਾ ਆਵੇ ਤਾਂ ਲੋਕ ਈਵੀਐੱਮ ਰਾਹੀਂ ਘਪਲੇਬਾਜ਼ੀ ਦਾ ਦੋਸ਼ ਲਾਉਣ ਜੋਕਰੇ ਨਾ ਰਹਿਣ। ਉਦੋਂ ਜੇਤੂ ਰਥ ਵਾਲੇ ਇਹ ਕਹਿਣ ਲਈ ਪਾਬੰਦ ਹੋਣਗੇ ਕਿ ਜਦੋਂ ਪੰਜਾਬ ‘ਚ 92 ਸੀਟਾਂ ਆਈਆਂ ਤਾਂ ਉਹ ਬਦਲਾਅ ਸੀ ਤੇ ਹੁਣ ਸਾਡੇ ਵਾਰੀ ਈਵੀਐੱਮ ਦਾ ਰੌਲਾ ਕਿਉਂ?

ਇਸ ਸਭ ਕੁਝ ਤੋਂ ਪਾਸੇ ਹੋ ਕੇ ਸੋਚੀਏ ਤਾਂ ਕਾਂਗਰਸ ਤੇ ਅਕਾਲੀਆਂ ਨੂੰ ਨਕਾਰਨ ਪਿੱਛੇ ਲੋਕਾਂ ਵਿੱਚ ਬੇਅਦਬੀਆਂ ਦਾ ਇਨਸਾਫ ਨਾ ਮਿਲਣਾ, ਬੇਰੁਜ਼ਗਾਰੀ ਦੀ ਇੰਤਹਾ, ਨਸ਼ੇ ਦੇ ਆਏ ਹੜ੍ਹ, ਸਰਕਾਰੀ ਅਦਾਰਿਆਂ ਦੇ ਸਮਾਨਾਂਤਰ ਸਿਆਸਤਦਾਨਾਂ ਦੇ ਆਪਣੇ ਕਾਰੋਬਾਰ, ਸਿੱਖਿਆ ਖੇਤਰ ਦਾ ਬੇੜਾ ਗਰਕ ਕਰਨ ਵਰਗੀਆਂ ਦਲੀਲਾਂ ਸਮੇਤ ਹੋਰ ਵੀ ਬਹੁਤ ਸਾਰੇ ਮੁੱਦੇ ਸਨ, ਜਿਹਨਾਂ ਕਰਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਤੋਂ ਬਾਅਦ ਇੱਕਦਮ ਵੱਡੀ ਛਾਲ ਮਾਰ ਕੇ ਸੱਤਾ ਦੇ ਤਖਤ ‘ਤੇ ਬਿਰਾਜਮਾਨ ਹੋ ਗਈ। ਹਾਲਾਂਕਿ 2017 ਵੇਲੇ ਆਮ ਆਦਮੀ ਪਾਰਟੀ ਦਾ ਬੁਖਾਰ ਲੋਕਾਂ ਦੇ ਸਿਰ ਨੂੰ ਧਤੂਰੇ ਦੇ ਨਸ਼ੇ ਵਾਂਗ ਚੜ੍ਹਿਆ ਹੋਇਆ ਸੀ। ਲੋਕ ਆਪ ਮੁਹਾਰੇ ਧੜਾਧੜ ਪਾਰਟੀ ਫੰਡ ਦੇ ਰਹੇ ਸਨ। “ਜਿੱਤ ਪੱਕੀ, ਐਲਾਨ ਹੋਣਾ ਬਾਕੀ” ਦੇ ਨਾਅਰੇ ਮਾਰਦੇ ਵਿਦੇਸ਼ਾਂ ‘ਚ ਵਸਦੇ ਪੰਜਾਬੀ ਪੰਜਾਬ ਨੂੰ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਸਨ। ਏਅਰਪੋਰਟ ‘ਤੇ ਢੋਲ ਵੱਜਦੇ ਸੁਣਾਈ ਦਿੰਦੇ ਸਨ, ਪ੍ਰਵਾਸੀ ਪੰਜਾਬੀ ਆਪੋ ਆਪਣੇ ਪਿੰਡਾਂ ਰਿਸ਼ਤੇਦਾਰੀਆਂ ‘ਚ ਪ੍ਰਚਾਰ ਕਰ ਰਹੇ ਸਨ। ਉਸ ਅੰਧਾਧੁੰਦ ਪ੍ਰਚਾਰ ਦੀ ਲਹਿਰ ਦੌਰਾਨ ਇਹ ਭਾਸਦਾ ਸੀ ਕਿ ਸ਼ਾਇਦ ਇਹ ਕਰਾਮਾਤ ਹੀ ਨਾ ਹੋ ਜਾਵੇ ਕਿ ਵਿਰੋਧੀ ਪਾਰਟੀਆਂ ਖਾਤਾ ਵੀ ਨਾ ਖੋਲ੍ਹ ਸਕਣ।
ਪਰ ਹੋਇਆ ਇਹ ਕਿ ਆਮ ਆਦਮੀ ਪਾਰਟੀ 20 ਸੀਟਾਂ ਹੀ ਲੈ ਸਕੀ। ਵਿਰੋਧੀ ਧਿਰ ‘ਚ ਹੁੰਦਿਆਂ ਪਾਰਟੀ ਵੱਲੋਂ ਆਪਣੇ ਹੀ ਨੇਤਾਵਾਂ ਖਿਲਾਫ ਬੇਸਿਰ ਪੈਰ ਦੇ ਇਲਜ਼ਾਮ (ਸੁੱਚਾ ਸਿੰਘ ਛੋਟੇਪੁਰ, ਡਾ: ਧਰਮਵੀਰਾ ਗਾਂਧੀ, ਗੁਰਪ੍ਰੀਤ ਘੁੱਗੀ ਤੇ ਹੋਰ ਉਦਾਹਰਣ ਹਨ), ਆਪਹੁਦਰੇਪਣ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਹ ਪਾਰਟੀ ‘ਚ ਸਭ ਕੁਝ ਠੀਕ ਨਹੀਂ ਹੈ। ਸਿਰਫ ਪੁਰਾਣੇ ਵਰਕਰ ਹੀ ਪਿਛਾਂਹ ਨਹੀਂ ਹਟੇ ਸਗੋਂ 2022 ਦੀਆਂ ਚੋਣਾਂ ਮੌਕੇ ਪ੍ਰਵਾਸੀ ਪੰਜਾਬੀਆਂ ਦੇ ਭਰੇ ਜਹਾਜ ਤਾਂ ਛੱਡੋ, ਕੋਈ ਤਿੰਨ ਪਹੀਆ ਟੈਂਪੂ ਵੀ ਨਜ਼ਰ ਨਾ ਆਇਆ। ਢੋਲਾਂ ਦੇ ਡੱਗੇ ਤਾਂ ਦੂਰ, ਡਫਲੀ ਦੀ ਡੱਫ ਡੱਫ ਵੀ ਨਾ ਸੁਣੀ ਪਰ ਕ੍ਰਿਸ਼ਮਾ ਇਹ ਹੋਇਆ ਕਿ ਪੰਜਾਬ ਦੀ ਸਿਆਸਤ ਦੇ ਧਨੰਤਰਾਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਹਰਾ ਕੇ ਘਰੀਂ ਬਿਠਾ ਦਿੱਤਾ। ਸਰਕਾਰ ਦਾ ਮਹਿਜ ਇੱਕ ਸਾਲ ਪੂਰਾ ਹੋਣ ‘ਤੇ ਹੀ ਲੋਕ ਸਵਾਲ ਕਰ ਰਹੇ ਹਨ ਕਿ ਜਿਹੜੇ ਮੁੱਦਿਆਂ ਦੇ ਸਿਰ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਈ, ਉਹਨਾਂ ਨੂੰ ਹੱਲ ਕਰਨ ਲਈ ਤਾਂ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ? ਹਾਂ, ਇਸ਼ਤਿਹਾਰਾਂ ਫਲੈਕਸਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਦੀਦਾਰੇ ਹਰ ਗਲੀ ਮੁਹੱਲੇ, ਸੜਕਾਂ ‘ਤੇ ਜ਼ਰੂਰ ਹੋ ਰਹੇ ਹਨ। ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਐਂਬੂਲੈਂਸਾਂ, ਸਾਈਕਲਾਂ ‘ਤੇ ਲੱਗੀਆਂ ਤਸਵੀਰਾਂ ਦਾ ਮਜ਼ਾਕ ਉਡਾਉਣ ਵਾਲੇ ਭਗਵੰਤ ਮਾਨ ਨੂੰ ਹਰ ਜਗ੍ਹਾ ਆਪਣੀਆਂ ਤਸਵੀਰਾਂ ਲਗਵਾਉਣ ਦਾ ਅਜਿਹਾ ਝੱਲ ਚੜ੍ਹਿਆ ਹੋਇਆ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਗਏ ਹਨ।
1 ਨਵੰਬਰ 2023 ਪੰਜਾਬ ਦਿਹਾੜੇ ‘ਤੇ “ਮੈਂ ਪੰਜਾਬ ਬੋਲਦਾ ਹਾਂ” ਦੇ ਨਾਮ ਹੇਠ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਨਾਲ ਖੁਦ ਦੀ ਬਹਿਸ ਕਰਕੇ ਜੋ ਹੋਛੇਪਣ ਦਾ ਮੁਜਾਹਰਾ ਕੀਤਾ ਗਿਆ, ਉਹ ਬਹਿਸ ਦਾ ਮੁੱਢ ਬੱਝਣ ਦੀ ਬਜਾਏ ਰਾਹ ਬੰਦ ਕਰਨ ਵਾਲਾ ਜ਼ਰੂਰ ਜਾਪਦਾ ਹੈ। ਪਹਿਲੀ ਗੱਲ ਤਾਂ ਇਹ ਕਿ ਖੇਤੀਬਾੜੀ ਯੂਨੀਵਰਸਿਟੀ ਬਹਿਸ ਦਾ ਸਥਾਨ ਨਹੀਂ, ਅਸਲ ਬਹਿਸ ਦਾ ਸਥਾਨ ਤਾਂ ਵਿਧਾਨ ਸਭਾ ਹੈ। ਦੂਜੀ ਗੱਲ ਜੇਕਰ ਤੁਸੀਂ ਪਿਛਲੀਆਂ ਸਰਕਾਰਾਂ ਦੇ ਜ਼ਿੰਮੇਵਾਰ ਸਿਆਸਤਦਾਨਾਂ ਨੂੰ ਉਹਨਾਂ ਦੇ ਕੀਤੇ ਕਾਰਨਾਮਿਆਂ ਬਾਰੇ ਸਵਾਲ ਕਰਨ ਲਈ ਮੰਚ ਤਿਆਰ ਕੀਤਾ ਸੀ ਤਾਂ ਪੰਜਾਬ ਦੇ ਉਹਨਾਂ ਆਮ ਲੋਕਾਂ ਨੂੰ ਘਰਾਂ ‘ਚ ਨਜ਼ਰਬੰਦ ਕਰਨ, ਗ੍ਰਿਫ਼ਤਾਰ ਕਰਨ ਜਾਂ ਚੱਪੇ ਚੱਪੇ ‘ਤੇ ਪੁਲਸ ਤਾਇਨਾਤ ਕਰਨ ਦੀ ਕੀ ਲੋੜ ਸੀ, ਜਿਹੜੇ ਮੌਜੂਦਾ ਮੁੱਖ ਮੰਤਰੀ ਨੂੰ ਉਹਨਾਂ ਦੇ ਮਹਿਜ ਇੱਕ ਸਾਲ ਦੇ ਕਾਰਜਕਾਲ ਬਾਰੇ ਹੀ ਸਵਾਲ ਜਵਾਬ ਕਰਨ ਆ ਰਹੇ ਸਨ?
ਜੇਕਰ ਮੁੱਖ ਮੰਤਰੀ ਭਗਵੰਤ ਮਾਨ ਇਹ ਮੰਨਦੇ ਹਨ ਕਿ ਬਹਿਸ ਮੰਚ ‘ਤੇ ਖਾਲੀ ਪਈਆਂ ਕੁਰਸੀਆਂ ‘ਤੇ ਲਿਖੇ ਨਾਵਾਂ ਵਾਲੇ ਸਿਆਸਤਦਾਨ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ ਤਾਂ ਯਾਦ ਰੱਖੋ ਕਿ ਤੁਸੀਂ ਹੁਣ ਸਰਕਾਰ ਦੇ ਮੁਖੀ ਹੋ। ਜੇ ਹਿੰਮਤ ਹੈ ਤਾਂ ਹਨੇਰੇ ‘ਚ ਘਸੁੰਨ ਮਾਰ ਮਾਰ ਮਹਾਨ ਮੁੱਕੇਬਾਜ਼ ਦਾ ਭਰਮ ਪਾਲਣ ਨਾਲੋਂ ਉਹਨਾਂ ‘ਤੇ ਕਾਰਵਾਈ ਕਰਕੇ ਜੇਲ੍ਹੀਂ ਡੱਕਣ ਵਰਗਾ ਪਰਉਪਕਾਰ ਕਰੋ। ਪਰ ਨਹੀਂ, ਤੁਸੀਂ ਅਜਿਹਾ ਨਹੀਂ ਕਰੋਗੇ, ਕਿਉਂਕਿ ਬਾਦਸ਼ਾਹ ਏ ਸਤੌਜ ਕੋਲੋਂ ਤਾਂ ਆਪਣੇ ਦਾਗੀ ਵਿਧਾਇਕਾਂ ਮੰਤਰੀਆਂ ਖਿਲਾਫ ਇਕ ਸ਼ਬਦ ਮੂੰਹੋਂ ਨਹੀਂ ਨਿੱਕਲਿਆ, ਕਾਰਵਾਈ ਤਾਂ ਦੂਰ ਦੀ ਗੱਲ ਐ? ਆਪਣੇ ਆਪ ਨੂੰ ਸਵਾ ਤਿੰਨ ਕਰੋੜ ਪੰਜਾਬੀਆਂ ਦਾ ਨੁਮਾਇੰਦਾ ਕਹਿਣ ਵਾਲਾ ਆਮ ਮੁੱਖ ਮੰਤਰੀ ਜਦੋਂ ਬਹਿਸ ਦੇਖਣ ਆਏ “ਖਾਸ ਦਰਸ਼ਕਾਂ” ਮੂਹਰੇ ਇਕੱਲਾ ਬੈਠਾ ਆਪਣਾ ਹੀ ਮੋਢਾ ਖੁਦ ਪਲੋਸ ਕੇ ਅਸ਼ੀਰਵਾਦ ਲੈ ਰਿਹਾ ਸੀ ਤਾਂ ਯੂਨੀਵਰਸਿਟੀ ਦੇ ਬਾਹਰ ਖੜ੍ਹੇ ਤੇ ਘਰੀਂ ਨਜ਼ਰਬੰਦ ਕੀਤੇ ਸਵਾਲੀ ਇਹ ਪੁੱਛ ਰਹੇ ਸਨ ਕਿ ਜੇਕਰ ਤੁਹਾਨੂੰ ਐੱਸ ਵਾਈ ਐੱਲ ਨਹਿਰ ਦਾ ਐਨਾ ਹੀ ਹੇਜ ਹੈ ਤਾਂ ‘ਆਪ’ ਹਰਿਆਣਾ ਯੂਨਿਟ ਨੂੰ ਪੰਜਾਬ ਦੀਆਂ ਮੰਤਰੀ ਕੋਠੀਆਂ ਵਿੱਚ ਬੈਠ ਕੇ ਪੰਜਾਬ ਦੇ ਹੀ ਪਾਣੀਆਂ ‘ਤੇ ਹੱਕ ਜਤਾਉਣ ਦੀ ਇਜਾਜ਼ਤ ਦੇਣ ਲਈ ਮੁੱਖ ਮੰਤਰੀ ਚੁੱਪ ਕਿਉਂ ਸੀ? ਪੰਜਾਬ ਦੇ ਪਾਣੀਆਂ ਦੇ ਕੇਸ ਸੁਪਰੀਮ ਕੋਰਟ ਵਿੱਚ ਲੜਨ ਲਈ ਪੰਜਾਬ ਸਰਕਾਰ ਢਿੱਲ ਕਿਉਂ ਵਰਤ ਰਹੀ ਹੈ? ਜਦੋਂ ਤੁਹਾਡੇ ਸੁਪਰੀਮੋ ਕੇਜਰੀਵਾਲ, ਪੰਜਾਬ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਤੇ ਸੁਸ਼ੀਲ ਗੁਪਤਾ ਹਰਿਆਣੇ ਨੂੰ ਪਾਣੀ ਦੇਣ ਲਈ ਥਾਪੀਆਂ ਮਾਰ ਰਹੇ ਸਨ ਤਾਂ ਉਦੋਂ ਤੁਹਾਡੀ ਜੀਭ ਸੁੰਨ ਕਿਉਂ ਰਹੀ?
ਲੋਕ ਇਹ ਪੁੱਛਣ ਆਏ ਸਨ ਕਿ ਐੱਮ ਐੱਸ ਪੀ ਅਤੇ ਹੜ੍ਹ/ਗੜੇਮਾਰੀ ਦੇ ਨੁਕਸਾਨ ਦੇ ਮੁਆਵਜੇ ਕੀ ਪਾਕਿਸਤਾਨ ਦੀ ਸਰਕਾਰ ਦੇਵੇਗੀ? ਮੁਰਗੀਆਂ, ਚੂਚਿਆਂ ਦਾ ਮੁਆਵਜਾ ਤਾਂ ਦੂਰ, ਕਿਸਾਨ ਫਸਲਾਂ ਦਾ ਮੁਆਵਜਾ ਵੀ ਉਡੀਕ ਰਹੇ ਹਨ ਪਰ ਤੁਸੀਂ ਅਖਬਾਰਾਂ ‘ਚ ਇਸ਼ਤਿਹਾਰ ਛਪਵਾ ਕੇ ਖਾਨਾਪੂਰਤੀ ਜ਼ਰੂਰ ਕਰ ਦਿੱਤੀ ਸੀ। ਲੋਕ ਮੁੱਖ ਮੰਤਰੀ ਵੱਲੋਂ ਬੋਲੇ ਝੂਠਾਂ ਦਾ ਸੱਚ ਜਾਨਣ ਲਈ ਆਏ ਸਨ ਕਿ ਬੀ ਐੱਮ ਡਬਲਿਊ ਦਾ ਰੁਜ਼ਗਾਰ ਦੇਣ ਵਾਲਾ ਪਲਾਂਟ ਕਿੱਥੇ ਹੈ? ਤੁਸੀਂ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਬਾਰੇ ਵੀ ਝੂਠ ਬੋਲਿਆ ਸੀ, ਉਹ ਕਿਹੜੀ ਜੇਲ੍ਹ ‘ਚ ਹੈ? ਚਾਰ ਸਾਲ ਪਹਿਲਾਂ ਤੋਂ ਲੱਗੀ ਹੋਈ ਪਰਾਲੀ ਵਾਲੀ ਫੈਕਟਰੀ ਨੂੰ ਆਪਣੇ ਵੱਲੋਂ ਲਾਈ ਦੱਸਣਾ, ਕੀ ਮਜ਼ਬੂਰੀ ਸੀ? ਕੁਝ ਸਮਾਜਸੇਵੀ ਕਾਰਕੁੰਨਾਂ ਵੱਲੋਂ ਅਮਰੂਦ ਘੁਟਾਲਾ ਉਜਾਗਰ ਕੀਤਾ ਗਿਆ ਸੀ, ਉਸ ਵੱਡੇ ਘੁਟਾਲੇ ‘ਚ ਸ਼ਾਮਲ ਵੱਡੇ ਅਹੁਦਿਆਂ ‘ਤੇ ਬੈਠੇ ਅਫਸਰਾਂ ‘ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਕੋਲੋਂ ਪੈਸੇ ਜਮ੍ਹਾਂ ਕਰਵਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਤੁਹਾਡੇ ਨੱਕ ਹੇਠ ਹੋ ਰਹੀ ਹੈ, ਕੀ ਘਪਲੇਬਾਜ਼ਾਂ ਨੂੰ ਬਖਸ਼ਣ ਦੀ ਇਹ ਕੋਈ ਨਵੀਂ ਸਕੀਮ ਐ?
ਲੋਕਾਂ ਨੂੰ ਯਾਦ ਐ ਕਿ ਤੁਸੀਂ 16 ਮੈਡੀਕਲ ਕਾਲਜ ਬਣਾਉਣ ਦਾ ਲਾਰਾ ਵੀ ਲਾਇਆ ਹੋਇਆ ਹੈ।
ਮੁੱਖ ਮੰਤਰੀ ਜੀਓ, ਜਿਹੜੇ ਘਪਲੇਬਾਜ਼ ਨੇੜੇ ਤੇੜੇ ਘੁੰਮ ਰਹੇ ਹਨ, ਉਹਨਾਂ ‘ਤੇ ਕਿਰਪਾ ਦ੍ਰਿਸ਼ਟੀ ਕਰਕੇ ਪਹਿਲਾਂ ਉਹਨਾਂ ਨੂੰ ਤਾਂ ਸਬਕ ਸਿਖਾਓ। ਜਨਾਬ, ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ 1158 ਅਸਿਸਟੈਂਟ ਪ੍ਰੋਫੈਸਰਾਂ ਵਿੱਚੋਂ ਇੱਕ ਪ੍ਰੋ: ਬਲਵਿੰਦਰ ਕੌਰ ਆਪਣੇ ਖੁਦਕੁਸ਼ੀ ਨੋਟ ਵਿੱਚ ਤੁਹਾਡੇ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਇਲਜ਼ਾਮ ਲਾ ਕੇ ਜਹਾਨੋਂ ਰੁਖ਼ਸਤ ਹੋ ਗਈ। ਤੁਸੀਂ ਆਪਣੇ ਮੰਤਰੀ ਨੂੰ ਬਚਾਉਣ ਲਈ ਚੁੱਪ ਕਿਉਂ ਵੱਟ ਲਈ? ਕਾਂਗਰਸ ਤੇ ਅਕਾਲੀ ਸਰਕਾਰਾਂ ਵੇਲੇ ਵਾਪਰੀਆਂ ਘਟਨਾਵਾਂ ਵੇਲੇ ਤੁਸੀਂ ਉਹਨਾਂ ਨੂੰ ਜ਼ਿੰਮੇਵਾਰ ਦੱਸਦੇ ਹੁੰਦੇ ਸੀ ਪਰ ਹੁਣ ਖੁਦਕੁਸ਼ੀ ਨੋਟ ‘ਚ ਲਿਖਿਆ ਮੰਤਰੀ ਦਾ ਨਾਮ ਵੀ ਨਜ਼ਰ ਨਹੀਂ ਆ ਰਿਹਾ?
ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ ਸੱਤਾ ਵਿੱਚ ਆਉਣ ਲਈ ਲੋਕਾਂ ਅੱਗੇ ਤਰਲੇ ਕੀਤੇ ਗਏ ਸਨ ਕਿ ਸਾਡੇ ਉੱਪਰ “ਵਿਸ਼ਵਾਸ ਕਰੋ” ਪਰ ਹੁਣ ਗਲੀ ਗਲੀ ਵਿਕਦੇ ਨਸ਼ੇ ਨੂੰ ਰੋਕਣ ਦੀ ਬਜਾਏ ਲੋਕਾਂ ਨੂੰ ਕਹਿ ਰਹੇ ਹੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ “ਅਰਦਾਸ ਕਰੋ”। ਕੀ ਲੋਕ ਇਹ ਮੰਨ ਲੈਣ ਕਿ ਸਰਕਾਰ ਕਾਨੂੰਨ ਦੀ ਬਜਾਏ “ਰੱਬ ਆਸਰੇ” ਚੱਲ ਰਹੀ ਹੈ?
ਜਨਾਬ, ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ ਕੇਜਰੀਵਾਲ ਨੂੰ ਵੱਖ ਵੱਖ ਸੂਬਿਆਂ ‘ਚ ਪੰਜਾਬ ਦੇ ਜਹਾਜ ‘ਚ ਝੂਟੇ ਦਿਵਾ ਕੇ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਮਾਇਆ ਨੂੰ ਕਿਉਂ ਲੁਟਾਇਆ ਜਾ ਰਿਹੈ? ਆਰਟੀਆਈ ਕਾਰਕੁੰਨਾਂ ਨੂੰ ਇਹਨਾਂ ਖਰਚਿਆਂ ਦਾ ਹਿਸਾਬ ਕਿਤਾਬ ਦੇਣ ਦੀ ਬਜਾਏ ਧਮਕਾਇਆ ਕਿਉਂ ਜਾ ਰਿਹਾ ਹੈ? ਦੁਸ਼ਿਅੰਤ ਚੌਟਾਲਾ ਨੂੰ ਪੰਜਾਬ ਦੇ ਜਹਾਜ ਨੂੰ ਵਰਤਣ ਦੀ ਖੁੱਲ੍ਹ ਕਿਸ ਗੱਲੋਂ ਦਿੱਤੀ ਗਈ? ਸ਼ਾਇਦ ਇਸ ਗੱਲ ਦਾ ਜਵਾਬ ਵੀ ਲੈਣ ਆਏ ਸਨ ਕਿ ਤੁਸੀਂ ਕਹਿੰਦੇ ਹੁੰਦੇ ਸੀ ਕਿ ਨੇਤਾ ਸੁਰੱਖਿਆ ਕਰਮੀਆਂ ਦੀਆਂ ਧਾੜਾਂ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਜਿਸ ਨੇਤਾ ਨੂੰ ਸਿਆਸਤ ‘ਚ ਆ ਕੇ ਲੋਕਾਂ ਕੋਲੋਂ ਖਤਰਾ ਮਹਿਸੂਸ ਹੁੰਦੈ, ਉਹ ਸਿਆਸਤ ਛੱਡ ਕੇ ਮੁਰਗੀਖਾਨਾ ਖੋਲ੍ਹ ਲੈਣ। ਹੁਣ ਤੁਹਾਡੇ ਵਿਧਾਇਕਾਂ, ਮੰਤਰੀਆਂ ਦੇ ਨਾਲ-ਨਾਲ ਪਰਿਵਾਰਾਂ ਦੇ ਜੀਆਂ (ਸਮੇਤ ਤੁਹਾਡੇ) ਨਾਲ ਵੀ ਓਹੀ ਧਾੜਾਂ ਤੁਰ ਰਹੀਆਂ ਹਨ। ਤੁਸੀਂ ਕਿੱਥੇ ਕਿੱਥੇ ਮੁਰਗੀਖਾਨੇ ਖੋਲ੍ਹਣ ਜਾ ਰਹੇ ਹੋ?
ਵਿਸ਼ਵ ਭਰ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਚਰਚਾ ਤੇ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਲੋਕ ਇਸ ਝਾਕ ‘ਚ ਹਨ ਕਿ ਨੌਜਵਾਨ ਗਾਇਕ ਦੀ ਸੁਰੱਖਿਆ ਘਟਾਉਣ ਸੰਬੰਧੀ ਖੁਫੀਆ ਜਾਣਕਾਰੀ “ਲੀਕ” ਕਰਨ ਵਾਲਿਆਂ ‘ਤੇ ਕੀ ਕਾਰਵਾਈ ਕੀਤੀ? ਉਸ ਕਤਲ ਨਾਲ ਸਿੱਧੇ ਤੌਰ ‘ਤੇ ਜੁੜੇ ਗੈਂਗਸਟਰ ਵੱਲੋਂ ਜੇਲ੍ਹ ਅੰਦਰੋਂ ਲਾਈਵ ਇੰਟਰਵਿਊ ਦੇ ਕੇ ਤੁਹਾਡੇ ਸੁਰੱਖਿਆ ਪ੍ਰਬੰਧਾਂ ਦਾ ਰੱਜ ਕੇ ਜਲੂਸ ਕੱਢਿਆ ਗਿਆ, ਕਿਸ ‘ਤੇ ਕਾਰਵਾਈ ਹੋਈ?
ਜਗਰਾਉਂ ‘ਚ ਇੱਕ ਆਮ ਆਦਮੀ ਪਾਰਟੀ ਦੇ ਹੀ ਹਿਮਾਇਤੀ ਰਹੇ ਪ੍ਰਵਾਸੀ ਪੰਜਾਬੀ ਲੋਪੋ ਪਰਿਵਾਰ ਦੀ ਕੀਮਤੀ ਕੋਠੀ ਨੂੰ ਦੱਬਣ ਦੇ ਮਾਮਲੇ ‘ਚ ਤੁਹਾਡੀ ਵਿਧਾਇਕਾ ਬੀਬੀ ‘ਤੇ ਸ਼ਰੇਆਮ ਇਲਜ਼ਾਮ ਲੱਗਦੇ ਰਹੇ ਪਰ ਕਾਰਵਾਈ ਤਾਂ ਦੂਰਰਰਰਰ, ਤੁਸੀਂ ਕਬੂਤਰ ਵਾਂਗੂੰ ਅੱਖਾਂ ਈ ਮੀਚ ਗਏ। ਤੁਹਾਡੇ ਮੀਡੀਆ ਸਲਾਹਕਾਰ ਸਾਹਿਬ ਉਸ ਪੀੜਤ ਪਰਿਵਾਰ ਨੂੰ ਭੁਚਲਾ ਕੇ ਆਵਦਾ ਧੰਨਵਾਦ ਕਰਵਾ ਗਏ ਪਰ ਪੀੜਤ ਪਰਿਵਾਰ ਸਿਰਫ ਚਾਬੀਆਂ ਹਾਸਲ ਕਰਕੇ ਹੀ ਸਰਕਾਰੇ ਦਰਬਾਰੇ ਹਾੜੇ ਕੱਢ ਰਿਹੈ, ਜਦਕਿ ਕੋਠੀ ਅਜੇ ਵੀ ਦੱਬਣ ਵਾਲਿਆਂ ਦੇ ਨਾਮ ਬੋਲ ਰਹੀ ਐ। 75 ਸਾਲ ਦੀ ਬਜ਼ੁਰਗ ਮਾਤਾ ਦਰ ਦਰ ਠੋਕਰਾਂ ਖਾ ਰਹੀ ਐ, ਤੁਹਾਡੇ ਪਰਸਨਲ ਅਸਿਸਟੈਂਟਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਗੱਲ ਤਣ ਪੱਤਣ ਨਹੀਂ ਲੱਗੀ ਤਾਂ ਸਿੱਧਾ ਮਤਲਬ ਐ ਕਿ ਕੱਠੀ ਦੱਬਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ।
ਭਗਵੰਤ ਮਾਨ ਜੀ, ਹਰ ਮੰਚ ਤੋਂ “ਸਵਾ ਤਿੰਨ ਕਰੋੜ- ਸਵਾ ਤਿੰਨ ਕਰੋੜ” ਪੰਜਾਬੀਆਂ ਦਾ ਸੇਵਾਦਾਰ ਹੋਣ ਦਾ ਤੋਤਾ ਰਟਨ ਕਰਕੇ ਪੰਜਾਬੀਆਂ ਨੂੰ ਭਾਵਨਾਤਮਕ ਤੌਰ ‘ਤੇ ਗੁੰਮਰਾਹ ਕਰਨ ਦਾ ਰਾਹ ਤਿਆਗ ਕੇ ਆਪਣੇ ਅਹੁਦੇ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਯਤਨਸ਼ੀਲ ਹੋਵੋ। ਤੁਹਾਨੂੰ ਮੁੱਖ ਮੰਤਰੀ, ਪੰਜਾਬ ਦੇ ਖਰਚੇ ‘ਤੇ ਕੇਜਰੀਵਾਲ ਨੂੰ ਜਹਾਜ ਦੇ ਝੂਟੇ ਦਿਵਾਉਣ ਲਈ ਨਹੀਂ ਬਣਾਇਆ, ਸਗੋਂ ਪੰਜਾਬ ਦੇ ਭਲੇ ਦਿਨ ਵਾਪਸ ਲਿਆਉਣ ਦੀ ਉਮੀਦ ਨਾਲ ਬਣਾਇਆ ਹੈ। ਜੇਕਰ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂੰ ਪੰਜਾਬ ਨੂੰ ਉਜਾੜੇ ਵੱਲ ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਵੱਲ ਦਾ ਰਾਹ ਅਪਣਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਪੱਲੇ ਮੁੱਖ ਮੰਤਰੀ, ਸਾਂਸਦ ਵਾਲੀਆਂ ਪੈਨਸ਼ਨਾਂ ਹੀ ਰਹਿ ਜਾਣਗੀਆਂ। ਜਿਹੜੇ ਲੋਕ ਆਪਣੇ ਚਹੇਤੇ ਕਲਾਕਾਰ ਤੇ ਨੇਤਾ ਭਗਵੰਤ ਮਾਨ ਨੂੰ ਪਲਕਾਂ ਦੀ ਝੱਲ ਮਾਰਦੇ ਹਨ, ਆਉਣ ਵਾਲੇ ਸਮੇਂ ਵਿੱਚ ਚਿਮਟੇ ਨਾਲ ਚੁੱਕਣ ਲਈ ਵੀ ਤਿਆਰ ਨਹੀਂ ਹੋਣਗੇ।

You must be logged in to post a comment Login