ਵਿਰੋਧੀ ਆਗੂਆਂ ਦੇ ਆਈਫੋਨਾਂ ’ਚ ‘ਸਰਕਾਰੀ ਸੰਨ੍ਹ’

ਵਿਰੋਧੀ ਆਗੂਆਂ ਦੇ ਆਈਫੋਨਾਂ ’ਚ ‘ਸਰਕਾਰੀ ਸੰਨ੍ਹ’

ਨਵੀਂ ਦਿੱਲੀ, 1 ਨਵੰਬਰ-ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ, ‘ਆਪ’ ਆਗੂ ਰਾਘਵ ਚੱਢਾ, ਕਾਂਗਰਸ ਦੇ ਸ਼ਸ਼ੀ ਥਰੂਰ ਤੇ ਪਾਰਟੀ ਦੇ ਪਬਲੀਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਅਤੇ ਸ਼ਿਵ ਸੈਨਾ (ਯੂਬੀਟੀ) ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਆਪਣੇ ਆਈਫੋਨਾਂ ਨਾਲ ‘ਸਰਕਾਰੀ ਹੈਕਰਾਂ’ ਵੱਲੋਂ ਛੇੜਛਾੜ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਵਿਰੋਧੀ ਪਾਰਟੀਆਂ ਨਾਲ ਸਬੰਧਤ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਐਪਲ ਵੱਲੋਂ ਇਕ ਅਲਰਟ ਆਇਆ ਹੈ, ਜਿਸ ਵਿੱਚ ‘ਸਰਕਾਰੀ ਹੈਕਰਾਂ ਵੱਲੋਂ ਉਨ੍ਹਾਂ ਦੇ ਆਈਫੋਨਾਂ ਨਾਲ ਛੇੜਖਾਨੀ ਦੀ ਕੋਸ਼ਿਸ਼ ਕੀਤੇ ਜਾਣ ਦੀ ਚਤਿਾਵਨੀ ਦਿੱਤੀ ਗਈ ਹੈ। ਆਗੂਆਂ ਨੇ ਆਪਣੇ ਐਕਸ ਹੈਂਡਲਾਂ ’ਤੇ ਅਲਰਟ ਸਬੰਧੀ ਸੁਨੇਹੇ ਦੇ ਸਕਰੀਨਸ਼ਾਟ ਵੀ ਸਾਂਝੇ ਕੀਤੇ ਹਨ। ਉਧਰ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕੇ.ਸੀ.ਵੇਣੂਗੋਪਾਲ, ਸੁਪ੍ਰਿਆ ਸ੍ਰੀਨੇਤ ਤੇ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੂੰ ਵੀ ਅਜਿਹੇ ਸੁਨੇਹੇ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕੁਝ ਸਕਰੀਨਸ਼ਾਟਸ ਸਾਂਝੇ ਕਰਦਿਆਂ ਲਿਖਿਆ, ‘‘ਮੈਨੂੰ ਐਪਲ ਤੋਂ ਟੈਕਸਟ ਸੁੁਨੇਹੇ ਤੇ ਈਮੇਲ ਮਿਲੀ ਹੈ, ਜਿਸ ਵਿੱਚ ਚਤਿਾਵਨੀ ਦਿੱਤੀ ਗਈ ਹੈ ਕਿ ਸਰਕਾਰ ਮੇਰਾ ਫੋਨ ਤੇ ਈਮੇਲ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਡਾਨੀ ਤੇ ਪੀਐੱਮਓ ਗੁੰਡਾਗਰਦੀ ਕਰ ਰਹੇ ਹਨ….ਤੁਹਾਡਾ ਡਰ ਦੇਖ ਕੇ ਮੈਨੂੰ ਤੁੁਹਾਡੇ ’ਤੇ ਤਰਸ ਆਉਂਦਾ ਹੈ।’’ ਟੀਐੱਮਸੀ ਆਗੂ ਨੇ ਇਹ ਟਵੀਟ ਅੱਗੇ ਭਾਰਤ ਦੇ ਗ੍ਰਹਿ ਮੰਤਰਾਲੇ ਦਫ਼ਤਰ ਤੇ ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਨੂੰ ਟੈਗ ਕਰਦਿਆਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਤਿੰਨ ਹੋਰ ਆਗੂਆਂ ਨੂੰ ਵੀ ਮਿਲਦੇ ਜੁਲਦੇ ਸੁਨੇਹੇ ਪ੍ਰਾਪਤ ਹੋਏ ਹਨ। ਚਤੁਰਵੇਦੀ ਨੇ ਵੀ ਮਿਲਦਾ ਜੁਲਦਾ ਸਕਰੀਨਸ਼ਾਟ ਸਾਂਝਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੁਨੇਹਾ ਐਪਲ ਵੱਲੋਂ ਆਇਆ ਹੈ। ਉਨ੍ਹਾਂ ਕਿਹਾ, ‘ਹੈਰਾਨੀ ਹੈ ਕੌਣ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’’ ਸ਼ਿਵ ਸੈਨਾ (ਯੂਬੀਟੀ) ਆਗੂ ਨੇ ਮੋਇਤਰਾ ਦੀ ਪੋਸਟ ਦੇ ਜਵਾਬ ਵਿੱਚ ਕਿਹਾ, ‘‘ਅੱਛਾ ਮੈਨੂੰ ’ਕੱਲੀ ਨੂੰ ਨਹੀਂ ਬਲਕਿ ਮਹੂਆ ਮੋਇਤਰਾ ਨੂੰ ਵੀ ਐਪਲ ਤੋਂ ਇਹ ਚਤਿਾਵਨੀ ਮਿਲੀ ਹੈ। ਕੀ ਭਾਰਤ ਦਾ ਗ੍ਰਹਿ ਮੰਤਰਾਲਾ ਇਸ ਦੀ ਜਾਂਚ ਕਰੇਗਾ?’’ ਕਾਂਗਰਸ ਦੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਮਿਲਦੀ ਜੁਲਦੀ ਪੋਸਟ ਵਿੱਚ ਆਪਣੇ ਆਈਫੋਨ ਨਾਲ ਛੇੜਛਾੜ ਦਾ ਖਦਸ਼ਾ ਜਤਾਇਆ। ਥਰੂਰ ਨੇ ਐਕਸ ’ਤੇ ਇਕ ਪੋਸਟ ਅੱਗੇ ਪ੍ਰਧਾਨ ਮੰਤਰੀ ਦਫ਼ਤਰ, ਕਾਂਗਰਸ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੂੰ ਟੈਗ ਕਰਦਿਆਂ ਕਿਹਾ, ‘‘ਐਪਲ ਆਈਡੀ ਤੋਂ ਇਕ ਹਾਈਪਰਲਿੰਕ ਮਿਲਿਆ ਹੈ, ਜਿਸ ਦੀ ਮੈਂ ਤਸਦੀਕ ਕੀਤੀ ਹੈ। ਪ੍ਰਮਾਣਿਕਤਾ ਦੀ ਪੁਸ਼ਟੀ ਹੋਈ ਹੈ। ਮੇਰੇ ਜਿਹੇ ਕਰਦਾਤਿਆਂ ਦੇ ਖਰਚੇ ’ਤੇ ਘੱਟ ਰੁਜ਼ਗਾਰ ਵਾਲੇ ਅਫਸਰਾਂ ਨੂੰ ਰੁੱਝੇ ਰੱਖਣ ਤੋਂ ਖ਼ੁਸ਼ ਹਾਂ! ਇਸ ਤੋਂ ਅਹਿਮ ਹੋਰ ਕੀ ਹੋ ਸਕਦਾ ਹੈ?’’ ਖੇੜਾ ਨੇ ਵੀ ਇਹੀ ਸਕਰੀਨਸ਼ਾਟ ਸਾਂਝਾ ਕਰਦੇ ਹੋਏ ਕਿਹਾ, ‘‘ਪਿਆਰੀ ਮੋਦੀ ਸਰਕਾਰ, ਤੁਸੀਂ ਇਹ ਕਿਉਂ ਕਰ ਰਹੇ ਹੋ?’’

‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਕ ਲੰਮੀ ਚੌੜੀ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੂੰ ‘ਐਪਲ ਤੋਂ ਫਿਕਰਮੰਦੀ ਜਤਾਉਂਦਾ ਨੋਟੀਫਿਕੇਸ਼ਨ’ ਮਿਲਿਆ ਹੈ, ਜਿਸ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਫੋਨ ’ਤੇ ਸਰਕਾਰੀ ਹੈਕਰਾਂ ਦੀ ਮਦਦ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੇ ਜਾਣ ਦੀ ਚਤਿਾਵਨੀ ਦਿੱਤੀ ਗਈ ਹੈ। ਚੱਢਾ ਨੇ ਕਿਹਾ, ‘‘ਮੈਂ ਆਪਣਾ ਸਮਾਰਟਫੋਨ ਆਪਣੇ ਸੰਸਦੀ ਫ਼ਰਜ਼ਾਂ ਨੂੰ ਨਿਭਾਉਣ, ਆਪਣੇ ਹਲਕੇ ਦੇ ਮੈਂਬਰਾਂ ਨਾਲ ਜੁੜੇ ਰਹਿਣ, ਉਨ੍ਹਾਂ ਦੀਆਂ ਅਪੀਲਾਂ ਨੂੰ ਮੁਖਾਤਬਿ ਹੋਣ ਤੇ ਮਦਦ ਮੁਹੱਈਆ ਕਰਵਾਉਣ ਲਈ ਵਰਤਦਾ ਹਾਂ। ਮੈਂ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਕਾਰਜ ਪ੍ਰਣਾਲੀ ਖਿਲਾਫ਼ ਉਜ਼ਰ ਜਤਾਉਣ ਲਈ ਵੀ ਇਸ ਨੂੰ ਵਰਤਦਾ ਹਾਂ। ਆਪਣੇ ਪਾਰਟੀ ਕੁਲੀਗ’ਜ਼ ਨਾਲ ਸੰਵਾਦ ਰਚਾਉਣ ਲਈ ਵੀ ਮੈਂ ਇਸੇ ਯੰਤਰ ਨੂੰ ਵਰਤਦਾ ਹਾਂ।’’ ਚੱਢਾ ਨੇ ਕਿਹਾ ਕਿ ਆਈਫੋਨਾਂ ਨਾਲ ਛੇੜਛਾੜ ਦੀ ਕੋਸ਼ਿਸ਼ ਦੇਸ਼ ਦੇ ‘ਜਮਹੂਰੀ ਹਿੱਤਾਂ’ ਅਤੇ ਦੇਸ਼ ਦੇ ਲੋਕਾਂ ਉੱਤੇ ਹਮਲਾ ਹੈ। ਉਨ੍ਹਾਂ ਕਿਹਾ, ‘‘ਇਸ ਲਈ ਇਹ ਨਾ ਸਿਰਫ਼ ਮੇਰੇ ਸਮਾਰਟਫੋਨ ਬਲਕਿ ਦੇਸ਼ ਦੇ ਜਮਹੂਰੀ ਹਿੱਤਾਂ ’ਤੇ ਹਮਲਾ ਹੈ। ਇਸ ਨੋਟੀਫਿਕੇਸ਼ਨ ਨੇ ਪੈਗਾਸਸ ਜਾਸੂਸੀ ਸਕੈਂਡਲ ਦੀ ਯਾਦ ਤਾਜ਼ਾ ਕਰ ਦਿੱਤੀ ਹੈ, ਜਿਸ ਵਿਚ ਭਾਜਪਾ ਦੀ ਆਲੋਚਨਾ ਕਰਨ ਵਾਲੀਆਂ ਆਵਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ ਵਿੱਚ ਵੀ ਮੈਂ ਇਕੱਲਾ ਨਹੀਂ…ਵਿਰੋਧੀ ਧਿਰ ਦੇ ਹੋੋਰ ਕਈ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ‘ਆਪ’ ਆਗੂ ਨੇ ਕਿਹਾ ਕਿ ‘ਜਾਸੂਸੀ’ ਹੋ ਰਹੀ ਹੈ ਜਦੋਂ ਅਸੀਂ ਆਮ ਚੋਣਾਂ ਤੋਂ ਕੁਝ ਮਹੀਨੇ ਦੂਰ ਹਾਂ ਤੇ ਇਸ ਨੂੰ ਵਿਰੋਧੀ ਧਿਰ ’ਤੇ ਵਿਆਪਕ ਹਮਲਿਆਂ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ।’’ ਚੱਢਾ ਨੇ ਕਿਹਾ, ‘‘…ਹਰੇਕ ਭਾਰਤੀ ਨੂੰ ਫਿਕਰਮੰਦ ਹੋਣ ਦੀ ਲੋੜ ਹੈ…ਕਿਉਂਕਿ ਅੱਜ ਮੈਂ ਹਾਂ ਤੇ ਭਲਕੇ ਤੁਸੀਂ ਵੀ ਹੋ ਸਕਦੇ ਹੋ।’’

You must be logged in to post a comment Login