- ਵਿਜੇ ਯਮਲਾ ਨੇ ਭੇਂਟ ਕੀਤੀ ਰਵੀ ਯਮਲਾ ਦੀ ਬਣਾਈ ਤੂੰਬੀ ਤੇ ਬੁਘਦੂ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਪੰਜਾਬੀ ਸੰਗੀਤ ਜਗਤ ਵਿੱਚ ਜਨਾਬ ਆਲਮ ਲੁਹਾਰ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਘਰਾਣੇ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਜਦੋਂ ਇਹਨਾਂ ਦੋਹਾਂ ਘਰਾਣਿਆਂ ਦੇ ਚਿਰਾਗ ਆਰਿਫ ਲੁਹਾਰ ਤੇ ਵਿਜੇ ਯਮਲਾ ਇੱਕ ਦੂਜੇ ਨੂੰ ਗਲਵੱਕੜੀ ਪਾਉਂਦੇ ਹੋਣ ਤਾਂ ਇਉਂ ਮਹਿਸੂਸ ਕਰ ਸਕਦੇ ਹਾਂ ਜਿਵੇਂ ਚੜ੍ਹਦੇ ਤੇ ਲਹਿੰਦੇ ਪੰਜਾਬ ਨੇ ਇੱਕ ਦੂਜੇ ਨੂੰ ਕਲਾਵੇ ‘ਚ ਲੈ ਲਿਆ ਹੋਵੇ। ਬਰਤਾਨੀਆ ਫੇਰੀ ‘ਤੇ ਆਏ ਵਿਜੇ ਯਮਲਾ ਵੱਲੋਂ ਆਰਿਫ ਲੁਹਾਰ ਜੀ ਨਾਲ ਵਿਸ਼ੇਸ਼ ਮਿਲਣੀ ਕੀਤੀ, ਜਿਸ ਦੌਰਾਨ ਵਿਜੇ ਯਮਲਾ ਨੇ ਆਪਣੇ ਭਰਾ ਰਵੀ ਯਮਲਾ ਵੱਲੋਂ ਬਹੁਤ ਹੀ ਰੀਝਾਂ ਨਾਲ ਤਿਆਰ ਕੀਤੀ ਤੂੰਬੀ ਆਰਿਫ ਲੁਹਾਰ ਜੀ ਦੇ ਬੇਟੇ ਨੂੰ ਭੇਂਟ ਕੀਤੀ। ਨਾਲ ਹੀ ਵਿਜੇ ਵੱਲੋਂ ਦੂਸਰੇ ਬੇਟੇ ਨੂੰ ਬੁਘਦੂ ਸਾਜ਼ ਵੀ ਪਿਆਰ ਸਹਿਤ ਭੇਂਟ ਕੀਤਾ। ਦੋਵੇਂ ਘਰਾਣਿਆਂ ਦੇ ਕਲਾਕਾਰ ਫਰਜੰਦਾਂ ਵੱਲੋਂ ਕਲਾਕਾਰੀ ਦੀ ਅਜਿਹੀ ਸਾਂਝ ਪਾਈ ਕਿ ਕੰਧਾਂ ਵੀ ਝੂਮ ਉੱਠੀਆਂ। ਵਿਜੇ ਯਮਲਾ ਵੱਲੋਂ ਵਜਾਈ ਤੂੰਬੀ ਦੀ ਟੁਣਕਾਰ ‘ਤੇ ਆਰਿਫ ਲੁਹਾਰ ਜੀ ਵੱਲੋਂ ਗੀਤਾਂ ਦੀ ਛਹਿਬਰ ਲਗਾ ਦਿੱਤੀ। ਇਸ ਸਮੇਂ ਲੁਹਾਰ ਪਰਿਵਾਰ ਵੱਲੋਂ ਵਿਜੇ ਯਮਲਾ ਨੂੰ ਪਾਕਿਸਤਾਨ ਤੋਂ ਖਾਸ ਤੌਰ ‘ਤੇ ਬਣਵਾ ਕੇ ਲਿਆਂਦੇ ਕੈਂਠੇ ਨਾਲ ਸਨਮਾਨਿਤ ਕੀਤਾ। ਇਸ ਸਮੇਂ ਬੋਲਦਿਆਂ ਆਰਿਫ ਲੁਹਾਰ ਨੇ ਕਿਹਾ ਕਿ ਵਿਜੇ ਯਮਲਾ ਮੇਰਾ ਨਿੱਕਾ ਵੀਰ ਹੀ ਨਹੀਂ, ਸਗੋਂ ਮੇਰੇ ਪੁੱਤਰਾਂ ਵਰਗਾ ਹੈ। ਯਮਲਾ ਜੱਟ ਜੀ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਲਈ ਉਸਦੀ ਮਿਹਨਤ ਤੇ ਲਗਨ ਅੱਗੇ ਸਿਰ ਝੁਕਦਾ ਹੈ। ਉਹਨਾਂ ਕਿਹਾ ਕਿ ਆਪਣੇ ਪਿਤਾ ਦੇ ਦੋਸਤ ਦੇ ਪੋਤਰੇ ਹੱਥੋਂ ਯਮਲਾ ਜੱਟ ਸਾਹਿਬ ਦੀ ਈਜਾਦ ਕੀਤੀ ਤੂੰਬੀ ਲੈ ਕੇ ਆਪਣੇ ਆਪ ਨੂੰ ਧੰਨ ਸਮਝਦਾ ਹਾਂ।
You must be logged in to post a comment Login